ਪੰਜਾਬ ਦੀ ਖੇਤੀ ਲਈ ਸਾਲ 2025 ਰਿਹਾ ਚੁਣੌਤੀਆਂ ਭਰਪੂਰ <br/>
ਅਜੀਤ ਡੈਸਕ
01-01-2026
ਅਮਲੋਹ (ਫ਼ਤਹਿਗੜ੍ਹ ਸਾਹਿਬ), 31 ਦਸੰਬਰ-ਸਾਲ 2025 ਪੰਜਾਬ ਦੀ ਖੇਤੀ ਲਈ ਚੰਗੀ ਸ਼ੁਰੂਆਤ ਦੇ ਬਾਵਜੂਦ ਹੜ੍ਹਾਂ, ਆਲਮੀ ਤਪਸ਼, ਮਾੜੇ ਝਾੜ ਅਤੇ ਫ਼ਸਲਾਂ ਦੇ ਭਾਅ 'ਚ ਮੰਦੇ ਦੀ ਮਾਰ ਨਾਲ ਭਰਿਆ ਰਿਹਾ | ਪੰਜਾਬ ਦੇ ਖੇਤੀ ਖੇਤਰ ਲਈ ਸਾਲ 2025 ਦੀ ਸ਼ੁਰੂਆਤ ਭਾਵੇਂ ਹੌਸਲਾ ਅਫਜ਼ਾਈ ਵਾਲੀ ਰਹੀ ਪਰ ਜਿਵੇਂ ਹੀ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋਈ, ਇਹ ਸਾਲ ਕਿਸਾਨਾਂ ਲਈ ਨਾ ਸਿਰਫ਼ ਆਰਥਿਕ ਤੌਰ 'ਤੇ ਮਾੜਾ ਸਾਬਤ ਹੋਇਆ ਸਗੋਂ ਹੜ੍ਹਾਂ ਨੇ ਪੰਜਾਬ ਦੇ ਇਕ ਵੱਡੇ ਖੇਤਰ ਦੇ ਖੇਤੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਰੱਖ ਦਿੱਤਾ | ਬਹੁਤ ਭਾਰੀ ਬਰਸਾਤ ਅਤੇ ਦਰਿਆਵਾਂ 'ਚ ਆਏ ਬੇਹਿਸਾਬ ਪਾਣੀ ਕਾਰਨ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆ ਗਈ, ਜਿਸ ਨਾਲ ਖੜ੍ਹੀਆਂ ਫ਼ਸਲਾਂ ਹੀ ਨਹੀਂ, ਸਗੋਂ ਮਿੱਟੀ ਦੀ ਉਪਜਾਊ ਤਾਕਤ ਨੂੰ ਵੀ ਭਾਰੀ ਨੁਕਸਾਨ ਪੁੱਜਿਆ | ਪੰਜਾਬ ਦੀ ਮੁੱਖ ਫ਼ਸਲ ਕਣਕ ਮੌਸਮੀ ਹਾਲਾਤ ਅਨੁਕੂਲ ਰਹਿਣ ਕਾਰਨ ਕਾਫ਼ੀ ਵਧੀਆ ਰਹੀ | ਕਣਕ ਤੋਂ ਬਾਅਦ ਮੱਕੀ ਦੀ ਫ਼ਸਲ ਵੀ ਆਰਥਿਕ ਤੌਰ 'ਤੇ ਠੀਕ ਰਹੀ, ਕਿਉਂਕਿ ਇਸ ਦਾ ਝਾੜ ਅਤੇ ਭਾਅ ਦੋਵੇਂ ਠੀਕ ਰਹੇ ਪਰ ਜਿਵੇਂ ਹੀ ਜੂਨ 2025 'ਚ ਕਿਸਾਨਾਂ ਵਲੋਂ ਝੋਨੇ ਦੀ ਕਾਸ਼ਤ ਕੀਤੀ ਗਈ, ਮੌਸਮ ਨੇ ਕਰਵੱਟ ਬਦਲ ਲਈ | ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਝੋਨੇ ਦਾ ਇਕ ਵੱਡਾ ਰਕਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ | ਜੋ ਫ਼ਸਲ ਬਚੀ, ਉਸ ਦਾ ਝਾੜ ਵੀ ਹੈਰਾਨੀਜਨਕ ਤੌਰ 'ਤੇ ਘੱਟ ਰਿਹਾ | ਮੌਸਮ ਦੀ ਮਾਰ ਕਾਰਨ ਲਗਪਗ ਹਰ ਕਿਸਾਨ ਦਾ ਝਾੜ ਕਰੀਬ ਦਸ ਕੁਇੰਟਲ ਪ੍ਰਤੀ ਏਕੜ ਤੱਕ ਘੱਟ ਗਿਆ, ਜਿਸ ਨਾਲ ਧਾਨ ਉਗਾਉਣ ਵਾਲੇ ਕਿਸਾਨਾਂ ਨੂੰ ਇਸ ਸਾਲ ਭਾਰੀ ਆਰਥਿਕ ਝਟਕਾ ਲੱਗਾ | ਝੋਨੇ ਤੋਂ ਬਾਅਦ ਪੰਜਾਬ ਵਿਚ ਕਮਾਦ ਦੀ ਕਟਾਈ ਸ਼ੁਰੂ ਹੁੰਦੀ ਹੈ ਪਰ ਕਿਸਾਨਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਇਸ ਸਾਲ ਕਮਾਦ ਦਾ ਝਾੜ ਵੀ 20 ਤੋਂ 25 ਪ੍ਰਤੀਸ਼ਤ ਤੱਕ ਘੱਟ ਨਿਕਲ ਰਿਹਾ ਹੈ | ਇਸ ਨਾਲ ਚੀਨੀ ਮਿੱਲਾਂ ਨਾਲ ਜੁੜੇ ਕਿਸਾਨਾਂ ਦੀਆਂ ਉਮੀਦਾਂ 'ਤੇ ਵੀ ਪਾਣੀ ਫਿਰ ਗਿਆ ਹੈ | ਆਲੂ ਦਾ ਭਾਅ ਦਸੰਬਰ 2024 'ਚ 3800 ਰੁਪਏ ਕੁਇੰਟਲ ਦੇ ਮੁਕਾਬਲੇ ਦਸੰਬਰ 2025 'ਚ 1900 ਰੁਪਏ ਕੁਇੰਟਲ ਲਗਪਗ ਅੱਧਾ ਹੀ ਖੁੱਲਿ੍ਹਆ | ਜਿਸ ਕਾਰਨ ਆਲੂ ਦਾ ਬਾਜ਼ਾਰ ਸ਼ੁਰੂ ਵਿਚ ਹੀ ਬੁਰੀ ਤਰ੍ਹਾਂ ਨਾਲ ਲੜਖੜਾ ਗਿਆ ਕਿਉਂਕਿ ਇਸ ਭਾਅ 'ਤੇ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ, ਜਿਸ ਨਾਲ ਆਲੂ ਉਗਾਉਣ ਵਾਲੇ ਕਿਸਾਨ ਨਿਰਾਸ਼ ਨਜ਼ਰ ਆਏ ਪਰ ਸਬਜ਼ੀ ਉਤਪਾਦਕ ਇਸ ਸਾਲ ਬਾਕੀ ਫ਼ਸਲਾਂ ਦੇ ਮੁਕਾਬਲੇ ਮੁਨਾਫ਼ੇ 'ਚ ਰਹੇ | ਇਸ ਵਾਰ ਪੂਰਾ ਸਾਲ ਫ਼ਸਲਾਂ ਦੀ ਬਿਜਾਈ ਦੇ ਸਮੇਂ ਪੰਜਾਬ ਵਿਚ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਕਿੱਲਤ ਬਣੀ ਰਹੀ | ਖਾਦਾਂ ਦੀ ਘਾਟ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਹੋਰਨਾਂ ਸੂਬਿਆਂ ਵਿਚ ਖਾਦ ਦੀ ਭਾਲ ਲਈ ਭਟਕਣਾ ਪਿਆ | ਇਸ ਦੇ ਨਾਲ ਹੀ ਖਾਦ ਵਿਕਰੇਤਾ ਕੰਪਨੀਆਂ ਵਲੋਂ ਖਾਦ ਦੇ ਨਾਲ ਹੋਰ ਨਿੱਕਸੁੱਕ ਕਿਸਾਨਾਂ 'ਤੇ ਥੋਪਣ ਦੀ ਚਰਚਾ ਵੀ ਸਾਲ ਭਰ ਚੱਲਦੀ ਰਹੀ, ਜਿਸ ਕਾਰਨ ਸਾਲ ਦੇ ਅੰਤ ਵਿਚ ਕੰਪਨੀਆਂ ਨੂੰ ਸਪਸ਼ਟੀਕਰਨ ਦੇਣ ਲਈ ਇਸ਼ਤਿਹਾਰ ਤੱਕ ਛਪਵਾਉਣੇ ਪਏ | ਦੂਜੇ ਪਾਸੇ ਕਿਸਾਨ ਸਰਕਾਰ ਵਲੋਂ ਦਿੱਤੀ ਗਈ ਬਿਜਲੀ ਸਪਲਾਈ ਤੋਂ ਕਾਫ਼ੀ ਹੱਦ ਤੱਕ ਖ਼ੁਸ਼ ਨਜ਼ਰ ਆਏ, ਕਿਉਂਕਿ ਇਸ ਨਾਲ ਸਿੰਚਾਈ ਦੇ ਖ਼ਰਚਿਆਂ ਵਿਚ ਰਾਹਤ ਮਿਲੀ | ਕੁੱਲ ਮਿਲਾ ਕੇ ਇਹ ਸਾਲ ਕਿਸਾਨਾਂ ਲਈ ਚੁਣੌਤੀਆਂ ਭਰਿਆ ਹੀ ਰਿਹਾ |