ਪਟਿਆਲਾ, 1 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ¢ ਇਕ ਪਾਸੇ ਸੂਬਾ ਸਰਕਾਰ ਨੇ ਸਕੂਲਾਂ ਅੰਦਰ ਕਦੇ ਨੀਂਹ ਪੱਥਰਾਂ ਦੇ ਤੇ ਕਦੇ ਮਾਪੇ ਅਧਿਆਪਕ ਮਿਲਣੀ ਦੇ ਨਾਂਅ 'ਤੇ ਇਸ਼ਤਿਹਾਰਬਾਜ਼ੀ ਕਰਕੇ ਕਰੋੜਾਂ ਰੁਪਏ ਖਰਚ ਕੀਤੇ ਹਨ ਪਰ ਦੂਜੇ ਪਾਸੇ ਸਕੂਲ ਬੁਨਿਆਦੀ ਸਹੂਲਤਾਂ ਪੱਖੋਂ ਸੱਖਣੇ ਅਤੇ ਅਧਿਆਪਕਾਂ ਦੀ ਲੋੜੀਂਦੀ ਭਰਤੀ ਨਾ ਹੋਣ ਕਰਕੇ ਖਾਲੀ ਪਏ ਦਿੱਸਦੇ ਹਨ¢ ਆਲਮ ਇਹ ਰਿਹਾ ਕਿ ਸੂਬੇ ਅੰਦਰ ਸੈਂਕੜਿਆਂ ਦੀ ਗਿਣਤੀ 'ਚ ਉਹ ਸਕੂਲ ਵੀਂ ਹਨ, ਜਿਥੇ ਪੜ੍ਹਾਉਣ ਲਈ ਇਕੋ-ਇਕ ਅਧਿਆਪਕ ਹੈ ਅਤੇ ਕਈ ਥਾਈਾ ਮਨਜ਼ੂਰ ਸ਼ੁਦਾ ਅਸਾਮੀਆਂ ਦੇ ਬਾਵਜੂਦ 50 ਫ਼ੀਸਦੀ ਅਧਿਆਪਕਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ¢ ਜਾਣਕਾਰੀ ਅਨੁਸਾਰ ਫਰਵਰੀ, 2022 'ਚ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਦਾ ਇਕ ਵੀਂ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ, ਸਗੋਂ ਲੈਕਚਰਾਰ, ਪੀ.ਟੀ.ਆਈ., ਆਰਟ ਕਰਾਫ਼ਟ ਅਤੇ ਹੋਰ ਭਰਤੀਆਂ ਦੇ ਪਹਿਲਾਂ ਕੱਢੇ ਇਸ਼ਤਿਹਾਰ ਵਾਪਸ ਜ਼ਰੂਰ ਲਏ¢ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕਤਰ ਅਸ਼ਵਨੀ ਅਵਸਥੀ ਅਤੇ ਪ੍ਰੈਸ ਸਕੱਤਰ ਪਵਨ ਕੁਮਾਰ ਦੇ ਦੱਸਣ ਮੁਤਾਬਿਕ ਪਿਛਲੀ ਸਰਕਾਰ ਵੇਲੇ ਕੱਢੀਆਂ ਭਰਤੀਆਂ 'ਚੋਂ ਪ੍ਰਾਇਮਰੀ ਕਾਡਰ 'ਚ 5994 ਈ. ਟੀ. ਟੀ. ਭਰਤੀ ਦੀਆਂ ਬੈਕਲਾਗ ਕੋਟੇ ਦੀਆਂ 3000 ਦੇ ਕਰੀਬ ਅਸਾਮੀਆਂ ਸੰਬੰਧਿਤ ਕੈਟਾਗਰੀ 'ਚ 'ਡੀ-ਰਿਜਰਵ' ਕਰਕੇ ਅਧਿਆਪਕਾਂ ਨੂੰ ਹਾਲੇ ਆਰਡਰ ਜਾਰੀ ਨਹੀਂ ਹੋਏ ਹਨ¢ ਪ੍ਰਾਇਮਰੀ ਵਿਚ ਖੇਡ ਅਧਿਆਪਕਾਂ ਦੀ 2000 ਪੀ.ਟੀ.ਆਈ. ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਰਤੀ ਦੇ ਨਿਯਮ ਤੈਅ ਕਰਨ ਦੇ ਨਾਂਅ ਹੇਠ ਇਕ ਕਮੇਟੀ ਦੇ ਹਵਾਲੇ ਕਰਕੇ ਠੰਢੇ ਬਸਤੇ ਪਾ ਦਿੱਤਾ ਗਿਆ ਹੈ¢ ਇਸੇ ਤਰ੍ਹਾਂ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀ 15000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ¢ ਸਰਕਾਰ ਵਲੋਂ ਮਾਸਟਰ ਕਾਡਰ ਦੀ 75 ਫ਼ੀਸਦੀ ਕੋਟੇ ਅਨੁਸਾਰ ਖਾਲੀ ਪੋਸਟਾਂ 'ਤੇ ਸਿੱਧੀ ਭਰਤੀ ਕਰਨ ਲਈ ਕੋਈ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ ਹੈ, ਜਿਸ ਨੂੰ ਸੰਗਰੂਰ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠੇ ਬੇਰੁਜ਼ਗਾਰ ਬੇਸਬਰੀ ਨਾਲ ਉਡੀਕ ਕਰਦੇ ਹੋਏ 'ਓਵਰਏਜ' ਹੋ ਰਹੇ ਹਨ¢ ਇਸੇ ਤਰ੍ਹਾਂ ਮਾਸਟਰ ਕਾਡਰ 'ਚ ਪ੍ਰਮੋਸ਼ਨ ਕੋਟੇ ਅਨੁਸਾਰ ਬਣਦੀਆਂ ਅਸਾਮੀਆਂ ਪਿਛਲੇ ਸੱਤ ਸਾਲਾਂ ਤੋਂ ਨਹੀਂ ਭਰੀਆਂ ਗਈਆਂ ਹਨ, ਜਿਸ ਕਾਰਨ ਪ੍ਰਾਇਮਰੀ ਅਧਿਆਪਕ ਬਿਨਾਂ ਤਰੱਕੀ ਪ੍ਰਾਪਤ ਕੀਤੇ ਹੀ ਸੇਵਾ ਮੁਕਤ ਹੋ ਰਹੇ ਹਨ¢ ਇਸ ਤੋਂ ਇਲਾਵਾ ਆਰਟ ਕਰਾਫ਼ਟ ਅਸਾਮੀਆਂ ਦੀ ਵੀ ਪਿਛਲੇ ਇਕ ਦਹਾਕੇ ਤੋਂ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ ਹੈ¢ ਪ੍ਰਾਇਮਰੀ ਅਤੇ ਮਾਸਟਰ ਕਾਡਰ ਦੇ ਹਾਲ ਤੋਂ ਜ਼ਿਆਦਾ ਮੰਦਾ ਹਾਲ ਲੈਕਚਰਾਰ ਕਾਡਰ ਦਾ ਹੈ, ਜਿਥੇ ਖਾਲੀ ਅਸਾਮੀਆਂ ਦੇ ਮਾਮਲੇ ਵਿਚ ਹਾਲ ਹੋਰ ਵੀਂ ਮੰਦੇ ਪਤਾ ਲੱਗਦੇ ਹਨ¢ ਲੰਘੇ ਜੂਨ ਮਹੀਨੇ ਵਿਚ 1200 ਦੇ ਕਰੀਬ ਅਸਾਮੀਆਂ ਤਰੱਕੀ ਕੋਟੇ ਰਾਹੀਂ ਜ਼ਰੂਰ ਭਰੀਆਂ ਗਈਆਂ, ਪ੍ਰੰਤੂ ਇਸ ਤੋਂ ਪਹਿਲਾਂ 'ਲੈਫ਼ਟ ਆਊਟ' ਮਾਮਲਿਆਂ ਤਹਿਤ ਤਰੱਕੀ ਪ੍ਰਾਪਤ ਕਰਨ ਵਾਲੇ ਮਾਸਟਰ ਅਤੇ ਲੈਕਚਰਾਰਾਂ ਵਿਚੋਂ ਦੂਰ ਸਟੇਸ਼ਨ ਮਿਲਣ ਕਾਰਣ ਤਰੱਕੀ ਛੱਡਣ ਵਾਲੇ 600 ਤੋਂ ਵਧੇਰੇ ਅਧਿਆਪਕਾਂ ਅਤੇ ਤਰੱਕੀ ਲੈ ਕੇ ਦੂਰ ਦੁਰਾਡੇ ਸਟੇਸ਼ਨਾਂ 'ਤੇ ਸਰਕਾਰ ਭਰੋਸੇ ਬੈਠੇ ਅਧਿਆਪਕਾਂ ਦਾ ਵੀ ਮਸਲਾ ਹੱਲ ਨਹੀਂ ਹੋਇਆ ਹੈ¢ ਲੈਕਚਰਾਰ ਕਾਡਰ ਦੀਆਂ ਕੁਲ ਅਸਾਮੀਆਂ 'ਚੋਂ ਵੱਖ=ਵੱਖ ਵਿਸ਼ਿਆਂ ਦੀ 50 ਫ਼ੀਸਦੀ ਪੋਸਟਾਂ ਖਾਲੀ ਪਾਈਆਂ ਹਨ, ਜਿਨ੍ਹਾਂ ਦੀ ਗਿਣਤੀ 8000 ਤੋਂ ਉਪਰ ਹਨ | ਇਨ੍ਹਾਂ 'ਚ ਸਭ ਤੋਂ ਵੱਧ ਖਾਲੀ ਪੋਸਟਾਂ ਆਰਟਸ ਸਟ੍ਰੀਮ ਦੀਆਂ ਹਨ¢ ਡੀ.ਟੀ.ਐਫ. ਦੇ ਸੂਬਾਈ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲ, ਗੁਰਪਿਆਰ ਕੋਟਲੀ, ਹਰਜਿੰਦਰ ਵਡਾਲਾ ਬਾਂਗਰ, ਜਗਪਾਲ ਬੰਗੀ ਅਤੇ ਰਘਵੀਰ ਭਵਾਨੀਗੜ੍ਹ ਨੇ 'ਅਜੀਤ' ਨੂੰ ਦੱਸਿਆ ਕਿ ਸਿੱਧੀ ਭਰਤੀ ਦੀ 25 ਫ਼ੀਸਦੀ ਕੋਟੇ ਦੀ ਭਰਤੀ ਸਾਲ 2019 ਤੋਂ ਬਾਅਦ ਇਕ ਵੀਂ ਨਹੀਂ ਕੀਤੀ ਗਈ ਹੈ¢ ਜ਼ਿਲਿ੍ਹਆਂ ਅੰਦਰ ਵੱਡੇ ਪੱਧਰ 'ਤੇ ਸੀਨੀਅਰ ਸੈਕੰਡਰੀ ਸਕੂਲ ਅਜਿਹੇ ਹਨ, ਜਿਨ੍ਹਾਂ ਵਿਚ ਇਕ ਵੀ ਲੈਕਚਰਾਰ ਨਹੀਂ ਹੈ ਅਤੇ ਹੇਠਲੇ ਕਾਡਰ ਦੇ ਅਧਿਆਪਕਾਂ ਨਾਲ ਹੀ ਬੁੱਤਾ ਸਾਰਿਆ ਜਾ ਰਿਹਾ ਹੈ¢