ਐੱਸ. ਏ. ਐੱਸ. ਨਗਰ, 2 ਜਨਵਰੀ (ਕਪਿਲ ਵਧਵਾ)-ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਨਾਲ ਸੰਬੰਧਿਤ ਮਾਮਲੇ ਵਿਚ ਸੀ. ਬੀ. ਆਈ. ਵਲੋਂ 24 ਦਸੰਬਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ, ਜਿਸ 'ਤੇ ਅਦਾਲਤ ਨੇ ਅਗਲੀ ਸੁਣਵਾਈ ਲਈ 17 ਜਨਵਰੀ ਦੀ ਤਰੀਕ ਤੈਅ ਕੀਤੀ ਹੈ | ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਇੰਸਪੈਕਟਰ ਰੌਣੀ ਸਿੰਘ, ਇੰਸਪੈਕਟਰ ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਜੈ ਸਿੰਘ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ | ਸੀ. ਬੀ. ਆਈ. ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਇਰਾਦਾ ਕਤਲ ਦੀ ਧਾਰਾ ਦਰਜ ਸੀ, ਜਦਕਿ ਸੀ. ਬੀ. ਆਈ. ਦੇ ਦੋਸ਼ ਪੱਤਰ ਵਿਚ ਇਰਾਦਾ ਕਤਲ ਦੀ ਧਾਰਾ ਦੀ ਥਾਂ 115 (2), 117 (2), 126 (2), 324 (3) ਅਤੇ 351 (2) ਤਹਿਤ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ | ਦੋਸ਼ ਪੱਤਰ ਅਨੁਸਾਰ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਇਸ ਮਾਮਲੇ ਦੇ ਚਸ਼ਮਦੀਦ ਗਵਾਹ ਪਟਿਆਲਾ ਜੇਲ੍ਹ 'ਚ ਬੰਦ ਆਟੋ ਚਾਲਕ ਦੇ ਬਿਆਨ ਕਲਮਬੱਧ ਕਰ ਲਏ ਹਨ, ਜਿਸ ਦੇ ਆਧਾਰ 'ਤੇ ਸੀ. ਬੀ. ਆਈ. ਨੇ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ | ਇਹ ਮਾਮਲਾ ਮੁੜ ਤੋਂ ਸੁਰਖੀਆਂ 'ਚ ਆਉਣ ਨਾਲ ਪੀੜਤ ਪੱਖ ਵਲੋਂ ਕਰਨਲ ਬਾਠ ਦੀ ਪਤਨੀ ਨੇ ਬੀਤੇ ਦਿਨੀਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਜੰਗ ਤੋਂ ਪਿੱਛੇ ਨਹੀਂ ਹਟਣਗੇ | ਹਾਲਾਂਕਿ, ਉਨ੍ਹਾਂ ਨੇ ਦੋਸ਼ ਪੱਤਰ 'ਚ ਇਰਾਦਾ ਕਤਲ ਦੀ ਧਾਰਾ ਨਾ ਜੋੜੇ ਜਾਣ 'ਤੇ ਹੈਰਾਨਗੀ ਜ਼ਾਹਿਰ ਕੀਤੀ ਸੀ | ਇਸ ਦਾ ਮਤਲਬ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਮੁੜ ਤੋਂ ਪੁਲਿਸ ਅਧਿਕਾਰੀਆਂ ਵਿਰੁੱਧ ਇਰਾਦਾ ਕਤਲ ਦੀ ਧਾਰਾ ਜੋੜਨ ਦੀ ਅਪੀਲ ਕੀਤੀ ਜਾ ਸਕਦੀ ਹੈ | ਅਗਲੀ ਤਰੀਕ 'ਤੇ ਅਹਿਲਮਦ ਦੀ ਰਿਪੋਰਟ ਆਉਣ ਉਪਰੰਤ ਹੀ ਮਾਮਲੇ ਦੀ ਅਗਲੀ ਰੂਪ-ਰੇਖਾ ਤੈਅ ਹੋਵੇਗੀ |