<br/> ਕੀ ਪੰਜਾਬ ਅੰਦਰ 2027 'ਚ 80 ਨਵੇਂ ਚਿਹਰਿਆਂ ਨੂੰ ਟਿਕਟਾਂ ਵਾਲਾ ਦਾਅ ਖੇਡੇਗੀ ਕਾਂਗਰਸ? <br/>
ਅਜੀਤ ਡੈਸਕ
04-01-2026
ਚੰਡੀਗੜ੍ਹ, 3 ਦਸੰਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਅਜਿਹੇ ਬਿਆਨ ਦੇਣ ਤੋਂ ਗ਼ੁਰੇਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ, ਜੋ ਪਾਰਟੀ ਦਾ ਨੁਕਸਾਨ ਕਰਦੇ ਹਨ ਜਾਂ ਕਿਸੇ ਕਿਸਮ ਦੀ ਧੜੇ੍ਹਬੰਦੀ ਪੈਦਾ ਕਰਨ ਵਾਲੇ ਹੁੰਦੇ ਹਨ ਪਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਇੰਟਰਵਿਊ ਦੌਰਾਨ ਅਜਿਹਾ ਬਿਆਨ ਦੇ ਦਿੱਤਾ ਹੈ, ਜਿਸ ਨਾਲ ਪੰਜਾਬ ਕਾਂਗਰਸ ਦੇ ਅੰਦਰ ਖਲਬਲੀ ਮਚੀ ਦਿਖਾਈ ਦੇ ਰਹੀ ਹੈ | ਦਰਅਸਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਨਿੱਜੀ ਟੀ.ਵੀ. ਚੈਨਲ 'ਤੇ ਇਕ ਇੰਟਰਵਿਊ ਦੌਰਾਨ ਇਹ ਬਿਆਨ ਦੇ ਕੇ ਦਾਅਵਾ ਕਰ ਦਿੱਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 2027 'ਚ 70 ਤੋਂ 80 ਨਵੇਂ ਚਿਹਰੇ ਚੋਣ ਮੈਦਾਨ 'ਚ ਉਤਾਰੇ ਜਾ ਸਕਦੇ ਹਨ, ਜਿਸ ਨਾਲ ਉਹ ਨੌਜਵਾਨ ਆਗੂ ਤਾਂ ਸ਼ਾਇਦ ਖ਼ੁਸ਼ ਹੋਣਗੇ, ਜਿਨ੍ਹਾਂ ਨੂੰ ਅਜੇ ਤੱਕ ਪਾਰਟੀ ਅੰਦਰ ਟਿਕਟ ਨਹੀਂ ਮਿਲੀ ਪਰ ਪੁਰਾਣੇ ਅਤੇ ਸੀਨੀਅਰ ਆਗੂਆਂ ਵਲੋਂ ਰਾਜਾ ਵੜਿੰਗ ਦੇ ਇਸ ਬਿਆਨ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ, ਉਥੇ ਇਸ ਨੇ ਪਾਰਟੀ ਅੰਦਰਲੀ ਧੜੇਬੰਦੀ ਨੂੰ ਮੁੜ-ਖੁੱਲ੍ਹ ਕੇ ਸਾਹਮਣੇ ਲਿਆ ਦਿੱਤਾ ਹੈ | ਰਾਜਾ ਵੜਿੰਗ ਨੇ ਮੁੱਖ ਮੰਤਰੀ ਚਿਹਰੇ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਵੀ ਇਹ ਕਹਿ ਦਿੱਤਾ ਕਿ ਜੋ ਆਗੂ ਖ਼ੁਦ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪ੍ਰਚਾਰ ਰਹੇ ਹਨ, ਉਨ੍ਹਾਂ ਨੂੰ ਤਾਂ ਹਾਈਕਮਾਨ ਕਦੇ ਵੀ ਮੁੱਖ ਮੰਤਰੀ ਨਹੀਂ ਬਣਾਵੇਗੀ | ਉਨ੍ਹਾਂ ਬਿਨਾਂ ਨਾਂਅ ਲਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਲਾਇਆ ਸੀ, ਜਿਸ ਮਗਰੋਂ ਚਰਨਜੀਤ ਸਿੰਘ ਚੰਨੀ ਪੱਖੀ ਵਰਕਰ ਅਤੇ ਆਗੂ ਵੀ ਸੋਸ਼ਲ ਮੀਡੀਆ 'ਤੇ ਇਸ ਦਾ ਜਵਾਬ ਦੇਣ ਲੱਗ ਗਏ ਹਨ | ਉਧਰ, ਰਾਜਾ ਵੜਿੰਗ ਦੇ 70 ਤੋਂ 80 ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣ ਦੇ ਬਿਆਨ ਨੂੰ ਨਕਾਰਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਬਿਲਕੁਲ ਵੀ ਮੁਮਕਿਨ ਨਹੀਂ ਹੈ | ਉਨ੍ਹਾਂ ਕਿਹਾ ਕਿ ਰਾਜਸਥਾਨ 'ਚ 200 ਸੀਟਾਂ ਹਨ ਅਤੇ ਉਨ੍ਹਾਂ ਅਜਿਹੀ ਕੋਸ਼ਿਸ਼ ਕੀਤੀ ਸੀ ਕਿ 40 ਚਿਹਰੇ ਬਦਲ ਦਿੱਤੇ ਜਾਣ ਪਰ ਉਹ ਸੱਤ ਅੱਠ ਚਿਹਰਿਆਂ ਨੂੰ ਹੀ ਬਦਲ ਪਾਏ, ਕਿਉਂਕਿ ਕਾਂਗਰਸ ਹਾਈਕਮਾਨ ਹਰ ਸੀਟਾਂ 'ਤੇ ਕਈ ਵਾਰ ਸਰਵੇਖਣ ਕਰਾਉਂਦੀ ਹੈ, ਜਿਸ ਮਗਰੋਂ ਹੀ ਅਜਿਹੇ ਫ਼ੈਸਲੇ ਲਏ ਜਾਂਦੇ ਹਨ | ਪੰਜਾਬ ਬਾਰੇ ਉਨ੍ਹਾਂ ਕਿਹਾ ਕਿ 10 ਤੋਂ 15 ਤੋਂ ਜ਼ਿਆਦਾ ਅਜਿਹਾ ਕਰਨਾ ਮੁਮਕਿਨ ਨਹੀਂ ਹੈ, ਨਾ ਹੀ ਕੀਤਾ ਜਾ ਸਕਦਾ | ਇਸ ਸੰਬੰਧੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਨਵੇਂ ਚਿਹਰੇ ਲਿਆਉਣਾ ਕੋਈ ਗ਼ਲਤ ਗੱਲ ਨਹੀਂ ਪਰ ਨਵੇਂ ਅਤੇ ਗੈਰ-ਤਜਰਬੇਕਾਰ ਲੋਕਾਂ ਨੂੰ ਪੰਜਾਬ ਦੀ ਸੱਤਾ 'ਚ ਬਿਠਾ ਕੇ ਸੂਬੇ ਦੀ ਕੀ ਹਾਲਤ ਹੋ ਗਈ ਹੈ, ਸਭ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਚਿਹਰੇ ਆਉਣ ਪਰ ਅਮੀਰਜ਼ਾਦੇ ਅਤੇ ਪੈਰਾਸ਼ੂਟ ਰਾਹੀਂ ਨਹੀਂ ਚਹੇਤੇ ਨਹੀਂ | ਉਨ੍ਹਾਂ ਕਿਹਾ ਕਿ ਨਵੇਂ ਚਿਹਰੇ ਲਿਆਉਣ 'ਚ ਕੋਈ ਹਰਜ ਨਹੀਂ ਪਰ ਉਨ੍ਹਾਂ ਦਾ ਪਿਛੋਕੜ, ਉਨ੍ਹਾਂ ਦੀ ਵਿਚਾਰਧਾਰਾ ਤੇ ਚਰਿੱਤਰ ਵੀ ਦੇਖਣਾ ਪਵੇਗਾ, ਕਿਤੇ ਉਹ ਖ਼ਾਲਿਸਤਾਨ ਜਾਂ ਮਾਫ਼ੀਆ ਦੇ ਨਾਲ ਸੰਬੰਧ ਤਾਂ ਨਹੀਂ ਰੱਖਦੇ | ਫ਼ਿਲਹਾਲ 'ਚ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਕੱਲੇ ਪੰਜਾਬ ਕਾਂਗਰਸ ਪ੍ਰਧਾਨ ਨੇ ਇਸ ਸੰਬੰਧੀ ਫ਼ੈਸਲਾ ਨਹੀਂ ਲੈਣਾ ਹੁੰਦਾ, ਇਸ ਵਿਚ ਹਾਈਕਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਵੀ ਰਾਏ ਸਲਾਹ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਜੇਕਰ ਅਜਿਹਾ ਅਚਾਨਕ ਕੀਤਾ ਵੀ ਜਾਵੇਗਾ ਤਾਂ ਬਗ਼ਾਵਤ ਹੋ ਜਾਵੇਗੀ, ਕਿਉਂਕਿ ਅਜਿਹਾ ਕਰਨ ਲਈ ਨਵੇਂ ਉਮੀਦਵਾਰ ਨੂੰ ਘੱਟੋ-ਘੱਟ ਛੇ ਮਹੀਨੇ ਪਹਿਲਾਂ ਮੈਦਾਨ 'ਚ ਉਤਾਰਨਾ ਬੇਹੱਦ ਜ਼ਰੂਰੀ ਹੈ | ਹਾਲਾਂਕਿ, ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਦਾ ਇਹ ਬਿਆਨ ਬਿਲਕੁਲ ਸਹੀ ਹੈ, ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਸੀਂ 2027 'ਚ ਸਰਕਾਰ ਬਣਾਉਣੀ ਹੈ, ਨਾ ਕਿ 2032 'ਚ ਇਸ ਲਈ 2027 ਦੇ ਹਿਸਾਬ ਨਾਲ ਹੀ ਚੱਲਣਾ ਪਵੇਗਾ | ਸਾਬਕਾ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਚਿਹਰੇ ਲੈ ਕੇ ਆਉਣਾ ਤਾਂ ਦੂਰ ਹੈ, ਪਹਿਲਾ ਪੁਰਾਣੇ ਤਾਂ ਸੰਭਾਲ ਲਓ | ਉਨ੍ਹਾਂ ਕਿਹਾ ਕਿ ਇਕ-ਇਕ ਜਗ੍ਹਾ 5-5 ਦਾਅਵੇਦਾਰ ਹਨ, ਪਹਿਲਾਂ ਉਨ੍ਹਾਂ ਨੂੰ ਸੰਭਾਲ ਲਓ | ਉਨ੍ਹਾਂ ਕਿਹਾ ਕਿ ਪਾਰਟੀ 'ਚ ਕੋਈ ਅਨੁਸ਼ਾਸਨ ਦੀ ਕਮੀ ਨਹੀਂ ਸਗੋਂ ਪਾਰਟੀ ਵਿਚ ਕਿਸੇ ਕਿਸਮ ਦਾ ਅਨੁਸ਼ਾਸਨ ਹੈ ਹੀ ਨਹੀਂ | ਉਧਰ ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਨਵੇਂ ਅਤੇ ਆਮ ਚਿਹਰਿਆਂ ਨੂੰ ਸਿਆਸਤ 'ਚ ਲੈ ਕੇ ਆਂਦਾ ਅਤੇ ਮੌਕਾ ਦਿੱਤਾ | ਹੁਣ ਆਮ ਆਦਮੀ ਪਾਰਟੀ ਨੂੰ ਦੇਖਦੇ ਹੋਏ ਹੀ ਕਾਂਗਰਸ ਆਪਣੀਆਂ ਪੁਰਾਣੀਆਂ ਨੀਤੀਆਂ ਤੋਂ ਮਾਯੂਸ ਹੋ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਪਣਾਉਣ ਲਈ ਮਜਬੂਰ ਹੋ ਗਈ ਹੈ |