ਰਾਜਾਸਾਂਸੀ, 3 ਜਨਵਰੀ (ਹਰਦੀਪ ਸਿੰਘ ਖੀਵਾ)-ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਕ ਅੰਤਰਰਾਸ਼ਟਰੀ ਤੇ ਇਕ ਘਰੇਲੂ ਉਡਾਣ ਰੱਦ ਹੋ ਗਈ, ਜਦੋਂਕਿ ਇਕ ਲੰਡਨ ਤੋਂ ਸਵੇਰ 11.30 ਵਜੇ ਪਹੁੰਚੀ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਨੰਬਰ-ਏ ਆਈ 170 ਨੂੰ ਅੰਮਿ੍ਤਸਰ ਤੋਂ ਦਿੱਲੀ ਵੱਲ ਮੋੜਿਆ ਗਿਆ | ਲਗਾਤਾਰ ਅੱਜ ਦੂਜੇ ਦਿਨ ਵੀ ਰਾਤ 8.30 ਵਜੇ ਕੁਆਲਾਲੰਪੁਰ ਤੋਂ ਅੰਮਿ੍ਤਸਰ ਪੁੱਜਣ ਵਾਲੀ ਮਲੇਸ਼ੀਆ ਏਅਰ ਉਡਾਣ ਨੰ:-ਐੱਮ. ਐੱਚ. 118 ਮੁੜ ਰੱਦ ਹੋ ਗਈ, ਇਸ ਉਡਾਣ ਨੇ ਐੱਮ. ਐੱਚ-119 ਨੰਬਰ ਬਣ ਕੇ ਮੁੜ ਇਥੋਂ ਰਾਤ ਇਕ ਘੰਟੇ ਦੇ ਠਹਿਰਾਅ ਉਪਰੰਤ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ, ਪ੍ਰੰਤੂ ਅੱਜ ਫਿਰ ਰੱਦ ਹੋ ਗਈ | ਇਸ ਤੋਂ ਇਲਾਵਾ ਰਾਤ 10.35 ਵਜੇ ਦਿੱਲੀ ਤੋਂ ਇਥੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਘਰੇਲੂ ਉਡਾਣ ਨੰਬਰ ਏ. ਆਈ-479 ਰੱਦ ਹੋ ਗਈ | ਇਸ ਉਡਾਣ ਨੇ ਰਾਤ 11.15 ਵਜੇ ਦਿੱਲੀ ਨੂੰ ਰਵਾਨਾ ਹੋਣਾ ਸੀ, ਜੋ ਪਹੁੰਚੀ ਰੱਦ ਕਰ ਦਿੱਤੀ ਗਈ |