ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਹਵਾਈ ਸੈਨਾ ਨੇ ਤੈਮੂਰ ਹਥਿਆਰ ਪ੍ਰਣਾਲੀ ਦਾ ਉਡਾਣ ਪ੍ਰੀਖਣ ਕੀਤਾ ਹੈ | ਇਹ 600 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਹਵਾ ਤੋਂ ਲਾਂਚ ਕੀਤੀ ਜਾਣ ਵਾਲੀ ਕਰੂਜ਼ ਮਿਜ਼ਾਈਲ ਹੈ | ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਕਿ ਇਹ ਮਿਜ਼ਾਈਲ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ ਗਈ ਅਤੇ ਇਸ ਦਾ ਪ੍ਰੀਖਣ ਪੂਰੀ ਤਰ੍ਹਾਂ ਸਫ਼ਲ ਰਿਹਾ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਪਾਕਿ ਦੇ ਏਅਰੋਸਪੇਸ ਅਤੇ ਰੱਖਿਆ ਪ੍ਰੋਗਰਾਮ 'ਚ ਇਕ ਵੱਡਾ ਮੀਲ ਪੱਥਰ ਹੈ | ਦਰਅਸਲ, ਭਾਰਤ ਨੇ ਪਾਕਿ ਵਿਰੁੱਧ ਆਪ੍ਰੇਸ਼ਨ ਸੰਧੂਰ ਦੌਰਾਨ ਬ੍ਰਹਮੋਸ ਦੀ ਵਰਤੋਂ ਕਰਕੇ ਪਾਕਿਸਤਾਨ 'ਚ ਘਾਤਕ ਹਮਲੇ ਕੀਤੇ ਸਨ | ਇਸ ਦੇ ਜਵਾਬ 'ਚ ਪਾਕਿ ਨੇ ਵੀ ਆਪਣੀ ਹਵਾਈ ਸ਼ਕਤੀ ਨੂੰ ਵਧਾਉਣ ਦੇ ਯਤਨ ਵਜੋਂ ਤੈਮੂਰ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ | ਪਾਕਿਸਤਾਨੀ ਫ਼ੌਜ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਤੈਮੂਰ ਮਿਜ਼ਾਈਲ ਅਤਿ-ਆਧੁਨਿਕ ਨੈਵੀਗੇਸ਼ਨ ਅਤੇ ਮਾਰਗਦਰਸ਼ਨ ਪ੍ਰਣਾਲੀਆਂ ਨਾਲ ਲੈਸ ਹੈ | ਇਸ ਨੂੰ ਬਹੁਤ ਘੱਟ ਉਚਾਈ 'ਤੇ ਉਡਾਣ ਲਈ ਤਿਆਰ ਕੀਤਾ ਗਿਆ ਹੈ | ਪਾਕਿਸਤਾਨ ਹਵਾਈ ਫ਼ੌਜ ਦੇ ਮੁਖੀ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਇਸ ਪ੍ਰੋਜੈਕਟ ਨੂੰ ਪਾਕਿ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ |