ਅੰਮਿ੍ਤਸਰ, 5 ਜਨਵਰੀ (ਸੁਰਿੰਦਰ ਕੋਛੜ)-ਭਾਰਤ ਦੇ ਤਤਕਾਲੀ ਵਾਇਸਰਾਏ ਅਤੇ ਗਵਰਨਰ ਜਨਰਲ ਜਾਰਜ ਨਥਾਨਿਏਲ ਕਰਜ਼ਨ (ਲਾਰਡ ਕਰਜ਼ਨ) ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ 123 ਸਾਲ ਪਹਿਲਾਂ ਤੋਹਫ਼ੇ ਵਜੋਂ ਭੇਟ ਕੀਤੀ ਗਈ ਘੜੀ ਦੇ ਖ਼ਰਾਬ ਹੋ ਜਾਣ 'ਤੇ ਲਗਭਗ 96 ਲੱਖ ਰੁਪਇਆਂ ਦੀ ਲਾਗਤ ਨਾਲ ਉਸ ਦੀ ਮੁਰੰਮਤ ਕਰਵਾ ਕੇ ਉਸ ਨੂੰ ਮੁੜ ਤੋਂ ਪੁਰਾਣੇ ਸਥਾਨ 'ਤੇ ਸਥਾਪਿਤ ਕਰ ਦਿੱਤਾ ਗਿਆ ਹੈ | ਘੜੀ ਦੀ ਮੁਰੰਮਤ ਕਰਵਾਉਣ ਵਾਲੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜਥੇਬੰਦੀ ਦੇ ਇੰਦਰਜੀਤ ਸਿੰਘ ਨੇ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਘੰਟਾ-ਘਰ ਦੀ ਡਿਉੜੀ ਵੱਲ ਬਾਹਰ ਨਿਕਲਦੇ ਰਸਤੇ ਵੱਲ ਦੀ ਕੰਧ 'ਤੇ ਇਸ ਘੜੀ ਨੂੰ ਉਨ੍ਹਾਂ ਸਮੇਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸਵਰਨਜੀਤ ਸਿੰਘ ਅਮਰਗੜ੍ਹ ਅਤੇ ਜਸਵਿੰਦਰ ਸਿੰਘ ਆਦਿ ਵਲੋਂ ਅਰਦਾਸ ਉਪਰੰਤ ਸਥਾਪਿਤ ਕੀਤਾ ਗਿਆ | ਦੱਸਣਯੋਗ ਹੈ ਕਿ ਲਾਰਡ ਕਰਜ਼ਨ ਨੇ ਭਾਰਤ ਦਾ ਵਾਇਸਰਾਏ ਬਣਨ ਉਪਰੰਤ ਅੰਮਿ੍ਤਸਰ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਮੌਕੇ ਇਹ ਘੜੀ 9 ਅਪ੍ਰੈਲ 1900 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੰਧ 'ਤੇ ਇਕ ਪੁਰਾਣੀ ਘੜੀ ਨੂੰ ਵੇਖ ਕੇ ਉਨ੍ਹਾਂ ਉੱਥੇ ਸਥਾਪਿਤ ਕਰਨ ਹਿਤ ਨਵੀਂ ਘੜੀ ਭੇਟ ਕਰਨ ਦੀ ਇੱਛਾ ਪ੍ਰਗਟਾਈ ਸੀ | ਲਾਰਡ ਕਰਜ਼ਨ ਨੇ ਬਰਮਿੰਘਮ ਦੀ ਐਲਕਿੰਗਟਨ ਐਂਡ ਕੰਪਨੀ ਲਿਮਟਿਡ ਤੋਂ ਇਹ ਖ਼ੂਬਸੂਰਤ ਪਿੱਤਲ ਦੀ ਬਣੀ ਘੜੀ ਤਿਆਰ ਕਰਵਾ ਕੇ 31 ਅਕਤੂਬਰ 1902 ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਉਸ ਸਮੇਂ ਦੇ ਲਾਹੌਰ ਕਮਿਸ਼ਨਰ ਰਾਹੀਂ ਇਸ ਨੂੰ ਅੰਮਿ੍ਤਸਰ ਭਿਜਵਾਇਆ | ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਲ 2022 'ਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਆਗੂ ਭਾਈ ਮੋਹਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲੈ ਕੇ ਇਸ ਘੜੀ ਨੂੰ ਮੁੜ ਬਹਾਲੀ ਲਈ ਬਿ੍ਟੇਨ ਭੇਜਿਆ ਗਿਆ | ਬਰਮਿੰਘਮ ਦੇ ਮਾਹਿਰਾਂ ਨੇ ਦੋ ਸਾਲਾਂ ਤੱਕ ਘੜੀ 'ਤੇ ਕੰਮ ਕੀਤਾ ਅਤੇ ਲਗਭਗ 96 ਲੱਖ ਰੁਪਇਆਂ ਦੀ ਲਾਗਤ ਨਾਲ ਇਸ ਦੀ ਪੁਰਾਣੀ ਮਕੈਨੀਕਲ ਵਿਧੀ ਨੂੰ ਮੁੜ ਬਹਾਲ ਕਰਦਿਆਂ ਇਸ 'ਚ ਰੋਮਨ ਅੰਕਾਂ ਵਾਲਾ ਇਕ ਨਵਾਂ ਪਿੱਤਲ ਦਾ ਡਾਇਲ ਲਗਾ ਦਿੱਤਾ |
ਲਾਰਡ ਕਰਜ਼ਨ ਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਭੇਟ ਕੀਤੀ 123 ਸਾਲ ਪੁਰਾਣੀ ਘੜੀ ਮੁੜ ਕੀਤੀ ਸਥਾਪਿਤ <br/>
ਅਜੀਤ ਡੈਸਕ
06-01-2026