ਅੰਮਿ੍ਤਸਰ, 6 ਜਨਵਰੀ (ਸੁਰਿੰਦਰ ਕੋਛੜ)-ਤਾਲਿਬਾਨ ਸ਼ਾਸਕਾਂ ਨਾਲ ਬਣੀਆਂ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਦੇ ਚੱਲਦਿਆਂ ਹੁਣ ਤੱਕ ਕੁੱਲ 6,82,141 ਅਫ਼ਗਾਨ ਨਾਗਰਿਕਾਂ ਨੂੰ ਜ਼ਬਰਦਸਤੀ ਅਫ਼ਗਾਨਿਸਤਾਨ ਵਾਪਸ ਭੇਜਿਆ ਗਿਆ ਹੈ | ਪਾਕਿ ਦੇ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਅਫ਼ਗਾਨ ਨਾਗਰਿਕਾਂ 'ਤੇ ਦੋਸ਼ ਲਗਾਇਆ ਹੈ ਕਿ ਉਹ ਗ਼ੈਰ-ਕਾਨੂੰਨੀ ਤੌਰ 'ਤੇ ਪਾਕਿ 'ਚ ਰਹਿ ਰਹੇ ਸਨ | ਗ੍ਰਹਿ ਮੰਤਰਾਲੇ ਅਨੁਸਾਰ 69,431 ਅਫ਼ਗਾਨ ਨਾਗਰਿਕ ਕਾਰਡ (ਏ. ਸੀ. ਸੀ.) ਧਾਰਕਾਂ ਨੂੰ ਵੀ ਵਾਪਸ ਭੇਜਿਆ ਗਿਆ ਹੈ | ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਦੇਸ਼ ਭਰ ਤੋਂ 216634 ਰਜਿਸਟ੍ਰੇਸ਼ਨ ਪ੍ਰਮਾਣ (ਪੀ. ਓ. ਆਰ.) ਕਾਰਡ ਧਾਰਕ ਅਫ਼ਗਾਨਿਸਤਾਨ ਵਾਪਸ ਭੇਜੇ ਗਏ ਹਨ | ਬੀਤੇ ਦਿਨ ਐਤਵਾਰ ਨੂੰ 375 ਹੋਰ ਅਫ਼ਗਾਨ ਨਾਗਰਿਕਾਂ ਨੂੰ ਤੋਰਖਮ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ | ਇਸੇ ਦਿਨ 139 ਏ. ਸੀ. ਸੀ. ਧਾਰਕਾਂ ਅਤੇ 1,224 ਪੀ. ਓ. ਆਰ. ਕਾਰਡ ਧਾਰਕਾਂ ਨੂੰ ਅਫ਼ਗਾਨਿਸਤਾਨ ਵਾਪਸ ਭੇਜਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਦੂਜੇ ਦੇਸ਼ਾਂ 'ਚ ਵੀ ਅਫ਼ਗਾਨ ਨਾਗਰਿਕਾਂ ਦੀ ਦੇਸ਼ ਨਿਕਾਲਾ ਮੁਹਿੰਮ ਜਾਰੀ ਹੈ | ਤੁਰਕੀ 'ਚ ਪਿਛਲੇ ਸਾਲ ਦੌਰਾਨ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸ਼ੁਰੂ ਕੀਤੀਆਂ ਕਾਰਵਾਈਆਂ ਦੌਰਾਨ 152,000 ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਤੁਰਕੀ ਮਾਈਗ੍ਰੇਸ਼ਨ ਅਥਾਰਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਫ਼ਗਾਨ ਨਾਗਰਿਕਾਂ ਤੋਂ ਬਾਅਦ ਸੀਰੀਆ ਦੇ ਨਾਗਰਿਕ ਦੂਜੇ ਸਭ ਤੋਂ ਵੱਧ ਗਿ੍ਫ਼ਤਾਰ ਕੀਤੇ ਗਏ ਸਮੂਹ ਸਨ | ਇਨ੍ਹਾਂ ਤੋਂ ਇਲਾਵਾ ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਅਤੇ ਈਰਾਨ ਤੋਂ ਵੀ ਵੱਡੀ ਗਿਣਤੀ 'ਚ ਪ੍ਰਵਾਸੀਆਂ ਨੂੰ ਹਿਰਾਸਤ 'ਚ ਲਿਆ ਗਿਆ |
ਪਾਕਿਸਤਾਨ ਨੇ 6 ਲੱਖ 80 ਹਜ਼ਾਰ ਤੋਂ ਵੱਧ ਅਫ਼ਗਾਨ ਨਾਗਰਿਕ ਜ਼ਬਰਦਸਤੀ ਭੇਜੇ ਵਾਪਸ <br/>
ਅਜੀਤ ਡੈਸਕ
07-01-2026