ਮਾਨਸਾ, 27 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਪਿੰਡ ਖਿਆਲਾ ਕਲਾਂ ਤੇ ਕੋਟੜਾ ਕਲਾਂ ਵਿਚਕਾਰ 2 ਕਾਰਾਂ ਦੀ ਸਿੱਧੀ ਟੱਕਰ 'ਚ ਜਿਥੇ ਪਤੀ-ਪਤਨੀ ਤੇ ਨੌਜਵਾਨ ਸਮੇਤ 3 ਦੀ ਮੌਤ ਹੋ ਗਈ, ਉਥੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਉਪਕਾਰ ਸਿੰਘ (67) ਤੇ ਉਸ ਦੀ ਪਤਨੀ ਸ਼ਵਿੰਦਰ ਕੌਰ (62) ਵਾਸੀ ਲਠੇਰਾ, ਰਤੀਆ (ਹਰਿਆਣਾ) ਕਸਬਾ ਭੀਖੀ ਵਿਖੇ ਸਮਾਗਮ 'ਚ ਸ਼ਾਮਿਲ ਹੋਣ ਉਪਰੰਤ ਮਾਨਸਾ ਵੱਲ ਆ ਰਹੇ ਸਨ, ਦੀ ਸਵਿਫ਼ਟ ਗੱਡੀ ਦੀ ਸਾਹਮਣਿਓਾ ਆ ਰਹੀ ਇਕ ਹੋਰ ਸਵਿਫ਼ਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ | ਦੋਵੇਂ ਪਤੀ-ਪਤਨੀ ਸਣੇ ਦੂਜੀ ਕਾਰ 'ਚ ਸਵਾਰ ਬਲਕਰਨ ਸਿੰਘ (23) ਵਾਸੀ ਮਲਕਪੁਰ ਖਿਆਲਾ ਕਲਾਂ (ਮਾਨਸਾ) ਅਤੇ ਅਮਨਪ੍ਰੀਤ ਸਿੰਘ (22) ਵਾਸੀ ਧਲੇਵਾਂ (ਮਾਨਸਾ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਉਪਕਾਰ ਸਿੰਘ, ਸ਼ਵਿੰਦਰ ਕੌਰ ਤੇ ਬਲਕਾਰ ਸਿੰਘ ਮਿ੍ਤਕ ਪਾਏ ਗਏ | ਸੀਨੀਅਰ ਮੈਡੀਕਲ ਅਧਿਕਾਰੀ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਾਹਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਥਾਣਾ ਸਦਰ ਮਾਨਸਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮਿ੍ਤਕ ਤੇ ਗੰਭੀਰ ਜ਼ਖ਼ਮੀ ਨੌਜਵਾਨ ਫ਼ੌਜ ਦੀ ਭਰਤੀ ਲਈ ਬਠਿੰਡਾ ਵਿਖੇ ਸਿਖਲਾਈ ਲੈ ਰਹੇ ਸਨ |
ਸੜਕ ਹਾਦਸੇ 'ਚ ਪਤੀ ਪਤਨੀ ਸਮੇਤ 3 ਦੀ ਮੌਤ <br/>
ਅਜੀਤ ਡੈਸਕ
28-01-2026