ਦੁਨੀਆ ਨੂੰ ਰੌਸ਼ਨੀ ਦੀਆਂ ਤਰੰਗਾਂ ਨਾਲ ਜੋੜਨ ਵਾਲੇ ਮੋਗਾ ਦੇ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ ਯਾਦ ਸਦੀਵੀਂ ਬਣਾਈ ਜਾਵੇ-ਬਰਾੜ
ਮੋਗਾ, 13 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਮੋਗਾ ਦੀ ਧਰਤੀ ਲਈ ਇਸ ਤੋਂ ਵੱਡੇ ਮਾਣ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਸ ਮਿੱਟੀ ਨੇ ਦੁਨੀਆ ਦੇ ਵਿਗਿਆਨਕ ਨਕਸ਼ੇ ਉੱਤੇ ਆਪਣੀ ਅਮਿੱਟ ਛਾਪ ਛੱਡਣ ਵਾਲੇ ਮਹਾਨ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਨੂੰ ਜਨਮ ਦਿੱਤਾ।
ਮੋਗਾ, 13 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਮੋਗਾ ਦੀ ਧਰਤੀ ਲਈ ਇਸ ਤੋਂ ਵੱਡੇ ਮਾਣ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਸ ਮਿੱਟੀ ਨੇ ਦੁਨੀਆ ਦੇ ਵਿਗਿਆਨਕ ਨਕਸ਼ੇ ਉੱਤੇ ਆਪਣੀ ਅਮਿੱਟ ਛਾਪ ਛੱਡਣ ਵਾਲੇ ਮਹਾਨ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਨੂੰ ਜਨਮ ਦਿੱਤਾ। ਡਾ. ਕਪਾਨੀ ਦਾ ਨਾਂਅ ਕੇਵਲ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਸਗੋਂ ਦੁਨੀਆ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਇਤਿਹਾਸ ਵਿਚ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸ ਮਹਾਨ ਸ਼ਖ਼ਸੀਅਤ ਦੀ ਜਨਮ ਭੂਮੀ ਮੋਗਾ ਵਿਚ ਉਸ ਦੀ ਯਾਦ ਨੂੰ ਸਦੀਵੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਨੂੰ ਫਾਈਬਰ ਆਪਟਿਕਸ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਡਾ. ਕਪਾਨੀ ਦਾ ਜੀਵਨ ਪੰਜਾਬ ਦੇ ਨੌਜਵਾਨਾਂ ਲਈ ਇਕ ਖੁੱਲ੍ਹੀ ਕਿਤਾਬ ਹੈ। 31 ਅਕਤੂਬਰ 1926 ਨੂੰ ਮੋਗਾ ਵਿਚ ਜਨਮੇ ਇਸ ਮਹਾਨ ਵਿਗਿਆਨੀ ਨੇ ਆਪਣੀ ਮਿਹਨਤ ਗਿਆਨ ਅਤੇ ਖੋਜ ਦੀ ਲਗਨ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਪਛਾਣ ਬਣਾਈ । ਉਨ੍ਹਾਂ ਨੇ ਭਾਰਤ ਤੋਂ ਆਪਣੀ ਯਾਤਰਾ ਸ਼ੁਰੂ ਕਰ ਕੇ ਇੰਗਲੈਂਡ ਵਿਚ ਉੱਚ ਸਿੱਖਿਆ ਹਾਸਲ ਕੀਤੀ ਅਤੇ ਫਿਰ ਅਮਰੀਕਾ ਵਿਚ ਵਿਗਿਆਨਕ ਖੋਜ ਅਤੇ ਉੱਦਮ ਦੇ ਖੇਤਰ ਵਿਚ ਆਪਣੀ ਵਿਲੱਖਣ ਥਾਂ ਬਣਾਈ । ਉਨ੍ਹਾਂ ਕਿਹਾ ਕਿ ਡਾ. ਕਪਾਨੀ ਦੀ ਖੋਜ ਦਾ ਮਹੱਤਵ ਸਿਰਫ਼ ਇੰਟਰਨੈੱਟ ਤੱਕ ਸੀਮਤ ਕਰਨਾ ਵੀ ਉਨ੍ਹਾਂ ਦੀ ਦੇਣ ਨੂੰ ਛੋਟਾ ਕਰਨਾ ਹੋਵੇਗਾ। ਉਨ੍ਹਾਂ ਦਾ ਕੰਮ ਆਪਟਿਕਸ ਮੈਡੀਕਲ ਉਪਕਰਨਾਂ ਲੇਜ਼ਰ ਤਕਨਾਲੋਜੀ ਅਤੇ ਹੋਰ ਕਈ ਵਿਗਿਆਨਕ ਖੇਤਰਾਂ ਤੱਕ ਫੈਲਿਆ ਹੋਇਆ ਸੀ । ਉਨ੍ਹਾਂ ਖ਼ਾਸ ਤੌਰ ਉੱਤੇ ਮੋਗਾ ਦੀ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਉੱਤੇ ਵਿਚਾਰਨ ਅਤੇ ਮੋਗਾ ਵਿਚ ਡਾ. ਨਰਿੰਦਰ ਸਿੰਘ ਕਪਾਨੀ ਦੀ ਇਕ ਸ਼ਾਨਦਾਰ ਯਾਦਗਾਰ ਬਣਾਉਣ ਲਈ ਪਹਿਲ ਕਰਨ।