ਸ਼੍ਰੋਮਣੀ ਕਮੇਟੀ ਨੇ ਸੌਂਪੀ ਪੰਥਕ ਦਸਤਾਰ
ਨਾਭਾ (ਪਟਿਆਲਾ), 2 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਵੰਸ਼ਜ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਨਾਭਾ ਦੀ ਦਸਤਾਰਬੰਦੀ ਮੌਕੇ ਕਰਵਾਏ ਧਾਰਮਿਕ ਸਮਾਗਮ 'ਚ ਸ਼ਿਰਕਤ ਕੀਤੀ ਗਈ | ਗੁਰਦੁਆਰਾ ਸਿਰੋਪਾਓ ਸਾਹਿਬ ਹੀਰਾ ਮਹਿਲ ਨਾਭਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਰਾਜਾ ਭਾਨੂ ਪ੍ਰਤਾਪ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਨਾਭਾ ਨੂੰ ਦਸਤਾਰਬੰਦੀ ਸਮਾਗਮ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਪੰਥਕ ਰਵਾਇਤਾਂ ਮੁਤਾਬਿਕ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਨਾਭਾ ਨੂੰ ਦਸਤਾਰ ਭੇਂਟ ਕੀਤੀ ਗਈ | ਇਸ ਦੌਰਾਨ ਧਾਰਮਿਕ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਰਿਆਸਤ-ਏ-ਨਾਭਾ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਪੰਥਕ ਸੰਘਰਸ਼ 'ਚ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ਨੇ ਹਮੇਸ਼ਾ ਪੰਥਕ ਹਿਤਾਂ ਲਈ ਸਮੇਂ-ਸਮੇਂ 'ਤੇ ਅਹਿਮ ਫ਼ੈਸਲੇ ਕੀਤੇ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਵੰਸ਼ਜ ਰਾਜਾ ਭਾਨੂੰ ਪ੍ਰਤਾਪ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਨਾਭਾ ਦੇ ਪੁੱਤਰ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਮੌਕੇ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਕਾਰਜ ਦੀ ਮੁਬਾਰਕਬਾਦ ਦਿੱਤੀ ਹੈ | ਇਸ ਮੌਕੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਦੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਆਤਮ ਪ੍ਰਕਾਸ਼ ਸਿੰਘ ਬੇਦੀ ਵਲੋਂ ਵੀ ਕੁੰਵਰ ਉਦੈ ਪ੍ਰਤਾਪ ਸਿੰਘ ਨਾਭਾ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਗਈ |
ਸਪੀਕਰ ਸੰਧਵਾਂ, ਮੰਤਰੀ ਖੁੱਡੀਆਂ ਤੇ ਸੌਂਦ ਵਲੋਂ ਸ਼ਿਰਕਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੰੁਵਰ ਅਭੀਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਦੇ ਸਮਾਰੋਹ ਮੌਕੇ ਸ਼ਿਰਕਤ ਕੀਤੀ | ਇਥੇ ਗੁਰਦੁਆਰਾ ਦਰਬਾਰ ਸਿਰੋਪਾਓ ਸਾਹਿਬ ਵਿਖੇ ਭਾਈ ਰਾਜਾ ਸਿੰਘ ਕਾਲਝਰਾਨੀ ਨੇ 48 ਘੰਟਿਆਂ ਦੇ ਇਕ ਚੌਂਕੜੇ ਵਿਚ ਬੈਠ ਕੇ ਅਖੰਡ ਪਾਠ ਕੀਤਾ, ਜਿਸ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕੀਤੀ ਅਤੇ ਦਸਤਾਰਬੰਦੀ ਦੀ ਰਸਮ ਨਿਭਾਈ | ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਦਸਤਾਰਬੰਦੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਰੱਖਦਿਆਂ ਪੁਰਾਤਨ ਰਵਾਇਤਾਂ ਨੂੰ ਨਿਭਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਪੰਜਾਬ, ਸਿੱਖ ਪੰਥ ਤੇ ਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦਾ ਮੌਜੂਦਾ ਪਰਿਵਾਰ ਤੇ ਖਾਸ ਕਰਕੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਵੀ ਉਸੇ ਤਰਜ 'ਤੇ ਪੰਜਾਬ ਦੀ ਸੇਵਾ ਕਰਨਗੇ | ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਦੇਸ਼ ਪ੍ਰਤੀ ਸੇਵਾ ਅਤੇ ਪੰਥ ਪ੍ਰਸਤੀ ਨੂੰ ਸਾਰਾ ਸੰਸਾਰ ਜਾਣਦਾ ਹੈ ਅਤੇ ਉਨ੍ਹਾਂ ਦੇ ਵੰਸ਼ਜ ਵਲੋਂ ਆਪਣੀਆਂ ਪੁਰਾਤਨ ਰਵਾਇਤਾਂ ਦੀ ਪਾਲਣਾ ਕਰਦਿਆਂ ਵਿਰਾਸਤ ਨੂੰ ਚੇਤੇ ਰੱਖਣਾ ਮਾਣ ਵਾਲੀ ਗੱਲ ਹੈ | ਸੰਗਤ ਤੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਮਹਾਰਾਣੀ ਊਮਾ ਸਿੰਘ, ਭਾਨੂੰਪ੍ਰਤਾਪ ਸਿੰਘ, ਰਾਣੀ ਪ੍ਰੀਤੀ ਸਿੰਘ ਤੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਨੇ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਪਰੂਵਮੈਂਟ ਟਰੱਸਟ ਚੇਅਰਮੈਨ ਜੱਸੀ ਸੋਹੀਆਂ ਵਾਲਾ, ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ, ਕਲਾਕਾਰ ਕਰਮਜੀਤ ਅਨਮੋਲ, ਬੀਰ ਸਿੰਘ, ਪੰਮੀ ਬਾਈ, ਪ੍ਰਧਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਲਖਵਿੰਦਰ ਸਿੰਘ ਕਾਹਨੇਕੇ, ਸੀਨੀਅਰ ਮੀਤ ਪ੍ਰਧਾਨ ਕਿ੍ਪਾਲ ਸਿੰਘ ਬਲਾਕੀਪੁਰ, ਮੰਚ ਸੰਚਾਲਨ ਜਨਰਲ ਸਕੱਤਰ ਗਿਆਨੀ ਜਸਵਿੰਦਰ ਸਿੰਘ, ਖ਼ਜ਼ਾਨਚੀ ਲਖਵਿੰਦਰ ਸਿੰਘ ਕੱਤਰੀ, ਵਿੱਤ ਸਕੱਤਰ ਦਲਵਾਰ ਸਿੰਘ ਧੌਲਾ, ਵਾਈਸ ਚਾਂਲਸਰ ਆਰ.ਪੀ. ਤਿਵਾੜੀ, ਸਾਬਕਾ ਐਮ.ਪੀ ਪ੍ਰਨੀਤ ਕੌਰ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਕਾ ਸਮੇਤ ਸ਼ਾਹੀ ਘਰਾਣੇ ਦੇ ਮੈਂਬਰ ਠਾਕੁਰ ਚੰਦਰ ਉਦੇ ਸਿੰਘ, ਹੇਮੰਤ ਸਿੰਘ ਧੌਲਪੁਰ, ਕਪੂਰਥਲਾ, ਬਡਰੁੱਖਾਂ, ਗੋਂਡਲ ਸਾਹੀ ਪਰਿਵਾਰ ਗੁਜਰਾਤ ਤੇ ਜੈਸਲਮੇਰ ਰਾਜ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ | ਇਸ ਦੌਰਾਨ ਧਾਰਮਿਕ ਸ਼ਖ਼ਸੀਅਤਾਂ ਵਿਚ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ, ਸੰਤ ਅਮਰ ਸਿੰਘ ਰਾੜਾ ਸਾਹਿਬ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਨਰਿੰਦਰ ਸਿੰਘ ਅਲੌਹਰਾਂ, ਬਾਬਾ ਬਲਜੀਤ ਸਿੰਘ ਦਾਦੂਵਾਲ,ਬਾਬਾ ਕਸ਼ਮੀਰ ਸਿੰਘ ਅਲਹੌਰਾ, ਬਾਬਾ ਹਰਬੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਾਹੀ ਸਮਾਧਾਂ, ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਨਾਮਧਾਰੀ ਸੰਸਥਾ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਬਾਬਾ ਜਗਸੀਰ ਸਿੰਘ ਘੋੜਿਆ ਵਾਲੇ, ਹੈਡ ਗ੍ਰੰਥੀ ਹਰਜਿੰਦਰ ਸਿੰਘ, ਡਾ. ਮਨਿੰਦਰ ਸਿੰਘ, ਮਹੰਤ ਗਿਆਨਦੇਵ, ਬਾਬਾ ਬਲਬੀਰ ਸਿੰਘ ਸੁਰਾਜਪੁਰ, ਬਾਬਾ ਰੋਸ਼ਨ ਸਿੰਘ ਧਭਲਾਨ, ਬਾਬਾ ਜਸਵੀਰ ਸਿੰਘ ਮੂਡਖੇੜਾ, ਬਾਬਾ ਦਰਸ਼ਨ ਸਿੰਘ ਮਸਤੂਆਣਾ ਸਾਹਿਬ, ਬਾਭਾ ਜਸਦੇਵ ਸਿੰਘ ਲੋਹਟਬੱਦੀ, ਬਾਬਾ ਕੇਸ਼ੋ ਰਾਮ, ਬਾਬਾ ਬਲਕਾਰ ਸਿੰਘ ਰੱਖੜਾ, ਗਿਆਨੀ ਜਸਵੀਰ ਸਿੰਘ ਹੈਡਗ੍ਰੰਥੀ ਗੁਰਦੁਆਰਾ ਚਮਕੌਰ ਸਾਹਿਬ ਸਮੇਤ ਕਰਨੈਲ ਸਿੰਘ ਸੰਧੂ ਕੈਨੈਡਾ, ਸਤਨਾਮ ਸਿੰਘ ਸੰਧੂ ਅਮਰੀਕਾ, ਗਿਆਨ ਸਿੰਘ ਸੰਧੂ ਕੈਨੇਡਾ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਕੈਨੈਡਾ, ਹਰਬੰਸ ਸਿੰਘ ਜੰਡਾਲੀ ਕੈਨੇਡਾ, ਹਰਬੰਸ ਸਿੰਘ ਤੱਖਰ ਅਮਰੀਕਾ, ਸੁਖਵਿੰਦਰ ਸਿੰਘ ਢਿੱਲੋਂ, ਬਾਬਾ ਲਾਲ ਸਿੰਘ ਧੂਰਕੋਟ, ਗੁਰਜਿੰਦਰ ਸਿੰਘ ਛੰਨਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਪਤਵੰਤੇ ਪੁੱਜੇ ਹੋਏ ਸਨ |
ਡੇਰਾ ਬਿਆਸ ਮੁਖੀ ਪਹੁੰਚੇ
ਮਹਾਰਾਜਾ ਰਿਪੁਦਮਨ ਸਿੰਘ ਦੀ ਛੇਵੀਂ ਪੀੜ੍ਹੀ ਦੇ ਵੰਸ਼ਜ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੇ ਦਸਤਾਰਬੰਦੀ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਸ਼ਾਹੀ ਪਰਿਵਾਰ ਵਲੋਂ ਸ਼ਾਹੀ ਹੀਰਾ ਮਹਿਲ ਵਿਖੇ ਕਰਵਾਏ ਸਮਾਗਮ 'ਚ ਅੱਜ ਕਰੀਬ 124 ਸਾਲ ਬਾਅਦ ਇਕੋ ਹੀ ਚੌਂਕੜੇ ਵਿਚ ਬਾਬਾ ਰਾਜਾ ਸਿੰਘ ਕਾਲਝਰਾਣੀ ਵਾਲਿਆਂ ਅਖੰਡ ਪਾਠ ਕੀਤਾ ਤੇ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਜਿਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਅਸ਼ੀਰਵਾਦ ਲਿਆ ਗਿਆ, ਉਥੇ ਸ਼ਾਹੀ ਪਰਿਵਾਰ ਨੂੰ ਦਸਤਾਰਬੰਦੀ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਅਤੇ ਯੁਵਰਾਜ ਅਭੀਉਦੇ ਪ੍ਰਤਾਪ ਸਿੰਘ ਨੂੰ ਆਸ਼ੀਰਵਾਦ ਵੀ ਦਿੱਤਾ | ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਆਦਿ ਵੀ ਮੌਜੂਦ ਸਨ ¢
ਨਾਭਾ ਰਿਆਸਤ ਦੇ ਰਾਜਕੁਮਾਰ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ <br/>
ਅਜੀਤ ਡੈਸਕ
03-02-2026