ਨਵੀਂ ਦਿੱਲੀ, 2 ਫਰਵਰੀ (ਪੀ.ਟੀ.ਆਈ.)-ਸੀ. ਬੀ. ਆਈ. ਨੇ 2022 'ਚ 19 ਸਾਲਾ ਰਿਜ਼ੋਰਟ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੀ ਜਾਂਚ ਏਜੰਸੀ ਨੇ ਉੱਤਰਾਖੰਡ ਪੁਲਿਸ ਤੋਂ ਆਪਣੇ ਹੱਥ 'ਚ ਲੈ ਲਈ ਹੈ | ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਿ੍ਤਕ ਰਿਸੈਪਸ਼ਨਿਸਟ ਦੇ ਮਾਪਿਆਂ ਦੀ ਮੰਗ 'ਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਸ਼ ਕੀਤੀ ਸੀ | ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੇ ਉੱਤਰਾਖੰਡ ਪੁਲਿਸ ਤੋਂ ਸਮੱਗਰੀ ਆਪਣੇ ਕਬਜ਼ੇ 'ਚ ਲੈ ਲਈ ਹੈ ਤੇ ਇਸ ਦੇ ਆਧਾਰ 'ਤੇ ਆਪਣਾ ਕੇਸ ਦਰਜ ਕੀਤਾ ਹੈ | ਮਾਪਿਆਂ ਨੇ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ |