ਦੋਦਾ, 4 ਫ਼ਰਵਰੀ (ਰਵੀਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਮੱਲਣ 'ਚ ਮਾਮੂਲੀ ਤਕਰਾਰ ਵਧਣ ਕਰਕੇ ਗੁਆਂਢੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (45) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੱਲਣ ਤੇ ਹੋਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਅੱਗ ਸੇਕ ਰਹੇ ਸਨ ਕਿ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਗੁਰਪ੍ਰੀਤ ਸਿੰਘ ਤੇ ਰਹਿਮਤ ਖ਼ਾਨ ਉਰਫ ਵਿੱਕੀ ਦੀ ਬਹਿਸ ਹੋ ਗਈ ਪਰ ਕੋਲ ਬੈਠੇ ਲੋਕਾਂ ਨੇ ਹਟਾ ਕੇ ਘਰ ਭੇਜ ਦਿੱਤਾ | ਕੁਝ ਸਮੇਂ ਬਾਅਦ ਰਾਤ ਵੇਲੇ ਦੋਵੇਂ ਫਿਰ ਗਲੀ 'ਚ ਇਕੱਠੇ ਹੋ ਗਏ ਅਤੇ ਹੱਥੋਪਾਈ ਮੌਕੇ ਰਹਿਮਤ ਖ਼ਾਨ ਵਿੱਕੀ ਢੋਲ ਵਾਲਾ ਪੁੱਤਰ ਰਣਜੀਤ ਖ਼ਾਨ ਦੇ ਹੱਥ 'ਚ ਨੇੜੇ ਟੁੱਟਿਆ ਪਿਆ ਹੱਥ ਧੋਣ ਵਾਲਾ ਚੀਨੀ ਪਲੇਟ ਦਾ ਛਿੰਕ ਆ ਗਿਆ, ਜੋ ਉਸ ਨੇ ਗੁਰਪ੍ਰੀਤ ਸਿੰਘ ਦੇ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਚੁੱਕ ਕੇ ਪਰਿਵਾਰ ਵਾਲੇ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਕੋਟਭਾਈ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ ਦੇ ਪੋਸਟਮਾਰਟਮ ਲਈ ਮਾਤਾ ਜਸਵੀਰ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |