ਅੰਮਿ੍ਤਸਰ, 4 ਫਰਵਰੀ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਆਪਣੇ ਪਾਕਿਸਤਾਨ ਦੌਰੇ ਦੇ ਦੌਰਾਨ ਅੱਜ 10 ਮੈਂਬਰੀ ਉੱਚ ਪੱਧਰੀ ਵਫ਼ਦ ਨਾਲ ਸੂਬਾ ਸਿੰਧ ਦੇ ਪ੍ਰਾਚੀਨ ਸ਼ਹਿਰ ਲਾਰਕਾਨਾ ਪਹੁੰਚੇ | ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਮੋਹਨ-ਜੋ-ਦਾਰੋ ਹਵਾਈ ਅੱਡੇ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਸ. ਬੰਗਾ ਸਿੰਧ ਦੇ ਮੁੱਖ ਮੰਤਰੀ ਸ਼ਾਹ ਦੇ ਨਾਲ ਮੋਹਨ-ਜੋ-ਦਾਰੋ ਅਜਾਇਬ-ਘਰ ਵੇਖਣ ਪਹੁੰਚੇ, ਜਿਥੇ ਉਨ੍ਹਾਂ ਨੂੰ ਸੂਬਾਈ ਸੱਭਿਆਚਾਰ ਮੰਤਰੀ ਸਈਦ ਜ਼ੁਲਫਿਕਾਰ ਸ਼ਾਹ ਜਮਖਾਨਸ਼ੋਰੋ ਅਤੇ ਹੋਰ ਅਧਿਕਾਰੀਆਂ ਨੇ ਪੁਰਾਤਨ ਸੱਭਿਅਤਾ ਅਤੇ ਅਜਾਇਬ-ਘਰ 'ਚ ਮੌਜੂਦ ਪੁਰਾਤਨ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ | ਮੁੱਖ ਮੰਤਰੀ ਅਤੇ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਇਕ ਗੋਲਫ ਕਾਰਟ 'ਚ ਪੁਰਾਤਤਵ ਸਥਾਨ ਦਾ ਦੌਰਾ ਕੀਤਾ ਅਤੇ ਸਰ ਜੌਨ ਮਾਰਸ਼ਲ ਦੀ ਇਤਿਹਾਸਕ ਕਾਰ ਨੂੰ ਵੇਖਿਆ | ਬੰਗਾ ਨੇ ਅਜਾਇਬ ਘਰ ਦੇ ਨਾਲ-ਨਾਲ ਬੁੱਧ ਸਤੂਪਾਂ, ਪ੍ਰਾਚੀਨ ਗਲੀਆਂ ਦਾ ਵੀ ਦੌਰਾ ਕੀਤਾ ਅਤੇ 5,000 ਸਾਲ ਪੁਰਾਣੇ ਉੱਨਤ 'ਡਰੇਨੇਜ ਸਿਸਟਮ' ਦਾ ਨੇੜਿਓਾ ਨਿਰੀਖਣ ਕੀਤਾ | ਵਿਸ਼ਵ ਬੈਂਕ ਦੇ ਪ੍ਰਧਾਨ ਸ: ਬੰਗਾ ਦੇ ਸਨਮਾਨ 'ਚ ਇਕ ਦਸਤਕਾਰੀ ਪ੍ਰਦਰਸ਼ਨੀ ਅਤੇ ਸਿੰਧੀ ਸੰਗੀਤ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸ. ਬੰਗਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੋਹਨ-ਜੋ-ਦਾਰੋ ਅਜਾਇਬ ਘਰ ਵਿਖੇ 'ਵਿਜ਼ਟਰ ਬੁੱਕ' ਵਿਚ ਆਪਣੀਆਂ ਟਿੱਪਣੀਆਂ ਵੀ ਦਰਜ ਕੀਤੀਆਂ | ਪ੍ਰਾਚੀਨ ਸ਼ਹਿਰ ਲਾਰਕਾਨਾ ਦੇ ਦੌਰੇ ਦੌਰਾਨ ਸ. ਬੰਗਾ ਤਾਲੂਕੋ ਡੋਕਰੀ ਦੇ ਬਹਾਵਲ ਜੱਟ ਪਿੰਡ ਪਹੁੰਚੇ, ਜਿੱਥੇ ਗੋਥ ਬਹਾਵਲ ਜੱਟ ਦੇ ਵਸਨੀਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਬਣਾਏ ਗਏ ਨਵੇਂ ਘਰਾਂ ਦਾ ਉਦਘਾਟਨ ਕੀਤਾ |