ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਡੇਅਰੀ ਦੀ ਸ਼ਾਨ ਸਮਝੇ ਜਾਂਦੇ ਕੋਆਪਰੇਟਿਵ ਅਦਾਰੇ ਵੇਰਕਾ ਦਾ ਆਧਾਰ ਜਲਦੀ ਹੀ ਗੁਜਰਾਤ ਦੀ ਅਮੁਲ ਵਲੋਂ ਕਬਜ਼ਾ ਲਏ ਜਾਣ ਦੇ ਆਸਾਰ ਹਨ ਅਤੇ ਪੰਜਾਬ ਸਰਕਾਰ ਦਾ ਵਤੀਰਾ ਵੀ ਵੇਰਕਾ ਨੂੰ ਬਣਾਉਣ ਦੀ ਬਜਾਏ ਉਸ ਨੂੰ ਆਪਣੀ ਮੌਤ ਮਰਨ ਦੇਣ ਦਾ ਲੱਗਦਾ ਹੈ | ਇਹ ਦੋਸ਼ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 2 ਮਹੀਨਿਆਂ ਵਿਚ ਕਿਸਾਨਾਂ ਤੋਂ ਵੇਰਕਾ ਵਲੋਂ ਖ਼ਰੀਦੇ ਜਾ ਰਹੇ ਦੁੱਧ ਦੀਆਂ ਕੀਮਤਾਂ 4 ਰੁਪਏ 30 ਪੈਸੇ ਪ੍ਰਤੀ ਕਿੱਲੋ ਘਟਾ ਦਿੱਤੀਆਂ ਹਨ ਅਤੇ ਇਸ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਪਹਿਲਾਂ ਦਸੰਬਰ ਦੇ ਆਖ਼ਰੀ ਹਫ਼ਤੇ ਦੁੱਧ ਦੀ ਕੀਮਤ 2 ਰੁਪਏ ਘਟਾਈ ਗਈ ਤੇ ਫਿਰ ਫਰਵਰੀ ਦੇ ਪਹਿਲੇ ਹਫ਼ਤੇ 2 ਰੁਪਏ 30 ਪੈਸੇ ਹੋਰ ਘਟਾਈ ਗਈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦੁੱਧ ਉਤਪਾਦਕ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ | ਰਾਜੇਵਾਲ ਨੇ ਕਿਹਾ ਕਿ ਵੇਰਕਾ ਨੂੰ ਅਫ਼ਸਰਸ਼ਾਹੀ ਲੁੱਟ ਕੇ ਖਾ ਰਹੀ ਹੈ ਪਰ ਦਸਤਾਵੇਜ਼ੀ ਸਬੂਤਾਂ ਅਤੇ ਆਡਿਟ ਰਿਪੋਰਟਾਂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਵੇਰਕਾ ਅਧਿਕਾਰੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦੋਂਕਿ ਗੁਜਰਾਤ ਦਾ ਅਮੁਲ ਪੰਜਾਬ ਵਿਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ |