ਕਿਹਾ, ਸੁਖਬੀਰ ਦੇ ਅਸਤੀਫ਼ਾ ਦਿੱਤੇ ਬਿਨ੍ਹਾਂ ਬਾਦਲ ਦਲ ਨਾਲ ਨਹੀਂ ਹੋਵੇਗਾ ਕੋਈ ਸਮਝੌਤਾ
ਅੰਮਿ੍ਤਸਰ, 5 ਫਰਵਰੀ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਥੇ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਸਰਕਾਰੀ ਜ਼ਮੀਨਾਂ ਵੇਚ ਰਹੀ ਸੀ ਅਤੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਪੰਜਾਬੀ ਚਿੰਤਤ ਸਨ ਪਰ ਹੁਣ ਸਿੱਖ ਵੀ ਚਿੰਤਤ ਹਨ, ਕਿਉਂਕਿ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਵਲੋਂ ਪਿੰਡ ਸੈਣੀਮਾਜਰਾ ਦੀ 44 ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਕੁਝ ਉੱਚ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਗੁਰਦੁਆਰਾ ਸਾਹਿਬ ਦੀ ਕਰੋੜਾਂ ਦੇ ਮੁੱਲ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਕੇ ਘਪਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਸ਼ੋ੍ਰਮਣੀ ਕਮੇਟੀ ਵਲੋਂ ਕੋਈ ਢੱੁਕਵੀਂ ਕਾਰਵਾਈ ਨਹੀਂ ਕੀਤੀ ਗਈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਇਕ ਪੜਤਾਲੀਆ ਕਮੇਟੀ ਬਣਾਈ ਗਈ ਹੈ ਪਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਹਰਦੀਪ ਸਿੰਘ ਮੁਹਾਲੀ, ਜੋ ਕਿ ਉਸ ਹਲਕੇ ਤੋਂ ਸ਼ੋਮ੍ਰਣੀ ਕਮੇਟੀ ਮੈਂਬਰ ਹਨ, ਨੂੰ ਜਾਂਚ ਕਮੇਟੀ ਵਿਚ ਸ਼ਾਮਿਲ ਹੀ ਨਹੀਂ ਕੀਤਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਵਲੋਂ ਪੜਤਾਲੀਆ ਕਮੇਟੀ ਵਿਚ ਹਲਕੇ ਦੇ ਮੈਂਬਰ ਪਾਉਣ ਦੀ ਬਜਾਏ ਚਹੇਤੇ ਮੈਂਬਰਾਂ ਨੂੰ ਪਾ ਕੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਦੀ ਯੋਜਨਾ ਤਿਆਰ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਨੇ ਚਿੱਠੀ ਜਾਰੀ ਕਰਕੇ ਮੈਨੇਜਰ ਨੂੰ ਅਧਿਕਾਰ ਦਿੱਤੇ ਸਨ, ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕਰਕੇ ਅਪਰਾਧਿਕ ਮੁੱਕਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ ਅਜਿਹੇ ਦੋਸ਼ੀ ਮੁਲਾਜ਼ਮਾਂ ਨੂੰ ਕੇਵਲ ਮੁਅੱਤਲ ਹੀ ਨਹੀਂ ਕੀਤਾ ਜਾਣਾ ਚਾਹੀਦਾ, ਬਲਕਿ ਉਨ੍ਹਾਂ ਖ਼ਿਲਾਫ਼ ਪੁਲਿਸ ਕੋਲ ਅਪਰਾਧਿਕ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਕੋਈ ਵੀ ਮੁਲਾਜ਼ਮ ਆਪਣੇ ਆਪ ਇੰਨਾ ਵੱਡਾ ਫ਼ੈਸਲਾ ਨਹੀਂ ਲੈ ਸਕਦਾ, ਉਸ ਨੂੰ ਕਿਸੇ ਦੀ ਸਰਪ੍ਰਸਤੀ ਜਾਂ ਸ਼ਹਿ ਜ਼ਰੂਰ ਹੋਵੇਗੀ, ਜਿਸ ਬਾਰੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ | ਹਾਲ ਹੀ ਵਿਚ ਜੇਲ੍ਹ ਵਿਚੋਂ ਨਾਭਾ ਜੇਲ੍ਹ ਵਿਚੋਂ ਬਾਹਰ ਆਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪੰਥਕ ਏਕਤਾ ਦੀ ਕੀਤੀ ਅਪੀਲ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲਾਂ ਦਾ ਸਮਝੌਤਾ ਸਿੱਖ ਸਿਧਾਂਤਾਂ ਅਤੇ ਫ਼ਲਸਫ਼ੇ 'ਤੇ ਅਧਾਰਤ ਹੁੰਦਾ ਹੈ ਨਾ ਕਿ ਕਿਸੇ ਵਿਅਕਤੀ ਦੇ ਨਿੱਜੀ ਖਿਆਲਾ 'ਤੇ ਅਧਾਰਿਤ | ਉਨ੍ਹਾਂ ਕਿਹਾ ਕਿ 2 ਦਸੰਬਰ, 2024 ਦੇ ਜਾਰੀ ਹੋਏ ਹੁਕਮਨਾਮੇ ਦੀ ਰੋਸ਼ਨੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫ਼ਾ ਦਿੱਤੇ ਬਿਨਾਂ ਅਤੇ 328 ਪਾਵਨ ਸਰੂਪ ਮਾਮਲੇ ਵਿਚ ਉਨ੍ਹਾਂ ਦੀ ਭੂਮਿਕਾ ਸੰਬੰਧੀ ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ, ਮੇਰੀ ਪ੍ਰਧਾਨਗੀ ਹੇਠ ਕਦੇ ਵੀ ਬਾਦਲ ਦਲ ਨਾਲ ਸਮਝੌਤਾ ਨਹੀਂ ਹੋਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਪ੍ਰਸਾਰਨ ਦੇ ਸ਼ੋ੍ਰਮਣੀ ਕਮੇਟੀ ਤੋਂ ਅਧਿਕਾਰ ਲੈਣ ਵਾਲੇ ਨਿੱਜੀ ਚੈਨਲ ਪੀ. ਟੀ. ਸੀ. ਵਲੋਂ ਇਕਰਾਰਨਾਮੇ ਅਨੁਸਾਰ 2023 ਤੋਂ ਹੁਣ ਤੱਕ ਕਥਿਤ ਤੌਰ 'ਤੇ ਸਿੱਖਿਆ ਫੰਡ ਲਈ ਸ਼ੋ੍ਰਮਣੀ ਕਮੇਟੀ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ, ਜਿਸ ਬਾਰੇ ਸੁਖਬੀਰ ਸਿੰੰਘ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸ਼ੋ੍ਰਮਣੀ ਕਮੇਟੀ ਨੂੰ ਸਿੱਧੇ ਪ੍ਰਸਾਰਨ ਅਤੇ ਧਾਰਮਿਕ ਸਰਗਰਮੀਆਂ ਲਈ ਟਰੱਸਟ ਬਣਾ ਕੇ ਆਪਣੇ ਦੋ ਟੀ. ਵੀ. ਚੈਨਲ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਉਸ 'ਤੇ ਅਜੇ ਤੱਕ ਅਮਲ ਨਹੀਂ ਕੀਤਾ ਗਿਆ | ਇਸ ਮੌਕੇ ਮਨਿੰਦਰ ਸਿੰਘ ਧੁੰਨਾ ਸ਼ਹਿਰੀ ਪ੍ਰਧਾਨ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਗੁਰਵਿੰਦਰ ਸਿੰਘ ਸ਼ਾਮਪੁਰ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਬਿਕਰਮ ਸਿੰਘ ਮੈਂਬਰ ਵਰਕਿੰਗ ਕਮੇਟੀ, ਮਧੂਪਾਲ ਸਿੰਘ ਗੋਗਾ, ਹਰਜੀਤ ਸਿੰਘ ਪੁਰੇਵਾਲ ਤੇ ਕਵਲਜੀਤ ਸਿੰਘ ਆਦਿ ਵੀ ਹਾਜ਼ਰ ਸਨ |
ਸ਼੍ਰੋਮਣੀ ਕਮੇਟੀ ਗੁਰੂ ਘਰਾਂ ਦੀਆਂ ਕੀਮਤੀ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਵਾਲਿਆਂ ਖ਼ਿਲਾਫ ਅਪਰਾਧਿਕ ਮਾਮਲੇ ਦਰਜ ਕਰਾਵੇ-ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
06-02-2026