22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

2.76 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ 'ਤੇ ਪ੍ਰਚਾਰ ਦੀ ਘਾਟ ਪਈ ਭਾਰੀ

Ad Position 21
No active advertisement
ਅਜੀਤ ਡੈਸਕ 06-02-2026

ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿਖੇ 'ਵਾਰੀਅਰ ਆਫ਼ ਪੰਜਾਬ' ਲੇਜ਼ਰ ਸ਼ੋਅ ਮੌਕੇ ਨਹੀਂ ਪਹੁੰਚ ਰਹੇ ਦਰਸ਼ਕ
ਸੁਰਿੰਦਰ ਕੋਛੜ

ਅੰਮਿ੍ਤਸਰ, 5 ਫਰਵਰੀ-ਪੰਜਾਬ ਅਤੇ ਖ਼ਾਸ ਤੌਰ 'ਤੇ ਅੰਮਿ੍ਤਸਰ ਵਿਚਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਅਤੇ ਵਿਰਾਸਤੀ ਸਮਾਰਕਾਂ ਦੇ ਪ੍ਰਚਾਰ ਲਈ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਨਾ ਕੀਤੇ ਜਾਣ ਕਰਕੇ 2.76 ਕਰੋੜ ਰੁਪਇਆਂ ਦੀ ਲਾਗਤ ਨਾਲ ਤਿਆਰ ਕੀਤਾ 'ਵਾਰੀਅਰ ਆਫ਼ ਪੰਜਾਬ' (ਪੰਜਾਬ ਦੇ ਯੋਧੇ) ਲਾਈਟ ਐਂਡ ਸਾਊਾਡ ਲੇਜ਼ਰ ਸ਼ੋਅ ਦੋ ਵਰ੍ਹੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਦਰਸ਼ਕਾਂ 'ਚ ਆਪਣੀ ਕੋਈ ਵਿਸ਼ੇਸ਼ ਜਗ੍ਹਾ ਨਹੀਂ ਬਣਾ ਸਕਿਆ ਹੈ, ਜਿਸ ਦੇ ਚਲਦਿਆਂ ਅੰਮਿ੍ਤਸਰ ਦੇ 'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਵਿਖੇ ਰੋਜ਼ਾਨਾ ਸ਼ਾਮ 6.45 ਵਜੇ ਬਿਲਕੁਲ ਮੁਫ਼ਤ ਵਿਖਾਏ ਜਾਣ ਵਾਲੇ ਇਸ ਸ਼ੋਅ 'ਚ ਸਿਰਫ਼ ਗਿਣਤੀ ਦੇ ਹੀ ਲੋਕ ਪਹੁੰਚ ਰਹੇ ਹਨ ਅਤੇ ਕਈ ਦਿਨਾਂ 'ਚ ਤਾਂ ਉਹ ਵੀ ਨਹੀਂ ਪਹੁੰਚਦੇ | ਇਸ ਦਾ ਮੁੱਖ ਕਾਰਨ ਸ਼ੋਅ ਬਾਰੇ ਸਰਕਾਰੀ ਪੱਧਰ 'ਤੇ ਪ੍ਰਚਾਰ ਦੀ ਘਾਟ ਦੱਸਿਆ ਜਾ ਰਿਹਾ ਹੈ | ਵਿਰਾਸਤ ਪ੍ਰੇਮੀਆਂ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸਥਾਨਕ ਰਾਮ ਬਾਗ (ਕੰਪਨੀ ਬਾਗ ਵਜੋਂ ਮਸ਼ਹੂਰ) ਵਿਖੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਦੇ ਚੁਫੇਰੇ ਵੱਡੇ-ਛੋਟੇ ਕਈ ਸਰਕਾਰੀ ਪ੍ਰਚਾਰ ਵਾਲੇ ਹੋਰਡਿੰਗ ਅਤੇ ਫਲੈਕਸ ਲਗਾਈਆਂ ਗਈਆਂ ਹਨ, ਜਦਕਿ ਇਨ੍ਹਾਂ 'ਚੋਂ ਇਕ ਵੀ ਇਸ਼ਤਿਹਾਰੀ ਪੋਸਟਰ ਅਜਿਹਾ ਨਹੀਂ ਹੈ, ਜਿਸ 'ਤੇ ਲੇਜ਼ਰ ਸ਼ੋਅ ਚੱਲਣ ਬਾਰੇ ਜਾਂ ਇਸ ਨੂੰ ਵਿਖਾਏ ਜਾਣ ਵਾਲੇ ਸਮੇਂ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੋਵੇ | ਦੱਸਣਯੋਗ ਹੈ ਕਿ 'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਦੀਆਂ ਬਾਹਰੀ ਵਿਸ਼ਾਲ ਕੰਧਾਂ 'ਤੇ ਲੇਜ਼ਰ ਰੌਸ਼ਨੀ, ਕੰਪਿਊਟਰ ਐਨੀਮੇਸ਼ਨ ਅਤੇ ਪ੍ਰੋਜੈਕਸ਼ਨ ਮੈਪਿੰਗ ਤਕਨੀਕ ਨਾਲ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ 'ਚ 20-20 ਮਿੰਟ ਦੇ ਤਿਆਰ ਕੀਤੇ ਗਏ ਇਸ 'ਵਾਰੀਅਰ ਆਫ਼ ਪੰਜਾਬ' (ਪੰਜਾਬ ਦੇ ਯੋਧੇ) ਲਾਈਟ ਐਂਡ ਸਾਊਾਡ ਲੇਜ਼ਰ ਸ਼ੋਅ ਦੁਆਰਾ ਦਰਸ਼ਕਾਂ ਨੂੰ ਗੁਰੂ ਕਾਲ ਤੋਂ ਸ਼ੁਰੂ ਕਰਕੇ ਮਿਸਲ ਕਾਲ, ਸਿੱਖ ਰਾਜ, ਬਿ੍ਟਿਸ਼ ਰਾਜ ਅਤੇ ਦੇਸ਼ ਦੀ ਵੰਡ ਤੱਕ ਦੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਸੰਖੇਪ ਰੂਪ 'ਚ ਦਿੱਤੀ ਜਾ ਰਹੀ ਹੈ | ਇਥੇ ਪਹੁੰਚਣ ਲਈ ਆਰਕੋਲੋਜੀਕਲ ਸਰਵੇਅ ਆਫ਼ ਇੰਡੀਆ (ਏ. ਐੱਸ. ਆਈ.) ਦੇ ਅਧਿਕਾਰ ਅਧੀਨ ਆਉਂਦੀ ਸਮਰ ਪੈਲੇਸ ਦੀ ਮੁੱਖ ਡਿਉੜੀ ਵਲੋਂ ਬਕਾਇਦਾ ਰਸਤਾ ਵੀ ਬਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਅਕਾਲੀ ਦਲ ਦੀ ਪੂਰੀ ਕੋਰ ਕਮੇਟੀ ਸਮੇਤ ਡੀ.ਜੀ.ਪੀ. ਦਫ਼ਤਰ ਪੁੱਜੇ-ਗਿ੍ਫ਼ਤਾਰੀ ਦੀ ਕੀਤੀ ਪੇਸ਼ਕਸ਼ <br/> ਅਗਲੀ ਖ਼ਬਰ ਡੇਅਰੀ ਉਤਪਾਦਾਂ ਤੇ ਖੇਤੀ ਖੇਤਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ–ਬਲੀਏਵਾਲ <br/>
Ad Position 24