ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਮਰਥ ਬਣਾਉਣ ਦੇ ਉਦੇਸ਼ ਨਾਲ ਇਕ ਵੱਡਾ ਲੋਕ ਪੱਖੀ ਫੈਸਲਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ. ਟੀ. ਆਈ.) ਵਿਚ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ (ਕੋਪਾ-ਵੀ.ਆਈ.) ਟਰੇਡ ਵਿਚ ਦਾਖ਼ਲ ਅਨਾਥ ਅਤੇ ਨੇਤਰਹੀਣ ਵਿਦਿਆਰਥੀਆਂ ਦੀ ਸਿਖਲਾਈ ਫ਼ੀਸ ਮੁਆਫ਼ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਇਸ ਸੰਬੰਧੀ ਫਾਈਲ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੀ ਉਸ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਆਰਥਿਕ ਤੰਗੀ ਕਦੇ ਵੀ ਲੋੜਵੰਦ ਵਿਦਿਆਰਥੀਆਂ ਦੀ ਪੇਸ਼ੇਵਰ ਤਰੱਕੀ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ | ਵਿੱਤ ਮੰਤਰੀ ਨੇ ਦੱਸਿਆ ਕਿ ਅਨਾਥ ਆਸ਼ਰਮਾਂ ਅਤੇ ਨੇਤਰਹੀਣ ਬੱਚਿਆਂ ਲਈ ਸਥਾਪਤ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀ ਹੁਣ 'ਕੋਪਾ-ਵੀ.ਆਈ.' ਟਰੇਡ ਲਈ 100 ਫ਼ੀਸਦੀ ਫੀਸ ਮੁਆਫੀ ਦੇ ਯੋਗ ਹੋਣਗੇ | ਇਹ ਲਾਭ ਮੌਜੂਦਾ ਸਮੇਂ ਵਿਚ ਇਹ ਕੋਰਸ ਚਲਾ ਰਹੀਆਂ 9 ਸਰਕਾਰੀ ਸੰਸਥਾਵਾਂ ਵਿਚ ਲਾਗੂ ਕੀਤਾ ਜਾਵੇਗਾ | ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਹੁਨਰ ਵਿਕਾਸ ਅਤੇ ਡਿਜੀਟਲ ਸਾਖਰਤਾ ਵਿਚ ਮੋਹਰੀ ਬਣਾਉਣ ਲਈ ਸਮਰਪਿਤ ਹੈ | ਉਨ੍ਹਾਂ ਕਿਹਾ ਕਿ 'ਕੋਪਾ-ਵੀ.ਆਈ.' ਟਰੇਡ ਵਿਚ ਸਾਡੇ ਵਿਸ਼ੇਸ਼ ਲੋੜਾਂ ਵਾਲੇ ਅਤੇ ਅਨਾਥ ਨੌਜਵਾਨਾਂ ਲਈ ਵਿੱਤੀ ਬੋਝ ਨੂੰ ਹਟਾ ਕੇ ਪੰਜਾਬ ਸਰਕਾਰ ਉਨ੍ਹਾਂ ਨੂੰ ਤਕਨੀਕੀ ਮੁਹਾਰਤ ਹਾਸਲ ਕਰਨ ਤੇ ਤੇਜ਼ੀ ਨਾਲ ਵੱਧ ਰਹੇ ਆਈ.ਟੀ. ਖੇਤਰ ਵਿਚ ਸਨਮਾਨਜਨਕ ਰੁਜ਼ਗਾਰ ਸੁਰੱਖਿਅਤ ਕਰਨ ਲਈ ਇੱਕ ਬਰਾਬਰ ਦਾ ਮੰਚ ਪ੍ਰਦਾਨ ਕਰ ਰਹੀ ਹੈ |
ਪੰਜਾਬ ਸਰਕਾਰ ਵਲੋਂ ਸਰਕਾਰੀ ਆਈ.ਟੀ.ਆਈਜ਼ ਵਿਚ 'ਕੋਪਾ' ਕੋਰਸ ਲਈ 100 ਫ਼ੀਸਦੀ ਫੀਸ ਮੁਆਫ਼ੀ ਨੂੰ ਪ੍ਰਵਾਨਗੀ <br/>
ਅਜੀਤ ਡੈਸਕ
06-02-2026