28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਬਠਿੰਡਾ 'ਚ ਪੱਕਾ ਮੋਰਚਾ ਲਗਾਉਣ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਸੜਕਾਂ 'ਤੇ ਟਰੱਕ ਤੇ ਬੈਰੀਅਰ ਲਗਾ ਕੇ ਕਿਸਾਨਾਂ ਨੂੰ ਰੋਕਿਆ, ਅੱਥਰੂ ਗੈਸ ਦੇ ਛੱਡੇ ਗੋਲੇ <br/>

Ad Position 21
No active advertisement
ਅਜੀਤ ਡੈਸਕ 07-02-2026
ਬਠਿੰਡਾ, 6 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ 10 ਮਹੀਨਿਆਂ ਤੋਂ ਬਠਿੰਡਾ ਦੀ ਜੇਲ੍ਹ 'ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਰਿਹਾਈ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਠਿੰਡਾ 'ਚ ਅੱਜ ਤੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋ ਪਹਿਲਾਂ ਹੀ ਬੀਤੀ ਦੇਰ ਰਾਤ ਤੋਂ ਪੰਜਾਬ ਪੁਲਿਸ ਨੇ ਕਿਸਾਨਾਂ ਦੀ ਫੜੋ-ਫੜਾਈ ਸ਼ੁਰੂ ਕਰ ਦਿੱਤੀ ਅਤੇ ਅੱਜ ਬਠਿੰਡਾ ਨੂੰ ਚਾਲੇ ਪਾ ਰਹੇ ਕਿਸਾਨਾਂ ਨੂੰ ਪੁਲਿਸ ਵਲੋਂ ਵੱਖ-ਵੱਖ ਰਸਤਿਆਂ 'ਚ ਡੱਕ ਲਿਆ ਗਿਆ | ਇਸ ਦੌਰਾਨ ਬਠਿੰਡਾ ਪੁਲਿਸ ਵਲੋਂ ਕਿਸਾਨਾਂ ਨੂੰ ਬਠਿੰਡਾ ਵੱਲ ਵਧਣ ਤੋਂ ਰੋਕਣ ਲਈ ਜ਼ਿਲੇ੍ਹ ਦੀਆਂ ਵੱਖ-ਵੱਖ ਹੱਦਾਂ 'ਤੇ ਸੜਕਾਂ ਵਿਚਕਾਰ ਵੱਡੀ ਗਿਣਤੀ 'ਚ ਟਰੱਕ-ਟਰਾਲੇ ਅਤੇ ਬੈਰੀਅਰ ਲਗਾ ਕੇ ਸਖ਼ਤ ਨਾਕਾਬੰਦੀ ਕੀਤੀ ਗਈ, ਜਿਸ ਦੀ ਅਗਵਾਈ ਬਠਿੰਡਾ ਰੇਂਜ ਦੇ ਡੀ.ਆਈ.ਜੀ ਹਰਜੀਤ ਸਿੰਘ ਅਤੇ ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਕੀਤੀ | ਇਸ ਦੌਰਾਨ ਪਿੰਡ ਜਿਉਂਦ 'ਚ ਇਕੱਠੇ ਹੋਏ ਕਿਸਾਨਾਂ ਦਾ ਵੱਡਾ ਕਾਫ਼ਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ 'ਚ ਬਠਿੰਡਾ ਵੱਲ ਨੂੰ ਵਧਿਆ, ਜਿਸ ਨੂੰ ਪੁਲਿਸ ਬਲ ਨੇ ਰਾਹ 'ਚ ਹੀ ਰੋਕ ਲਿਆ ਤਾਂ ਰੋਹ 'ਚ ਆਏ ਕਿਸਾਨ ਸੜਕ ਵਿਚਕਾਰ ਧਰਨਾ ਲਗਾ ਕੇ ਬੈਠ ਗਏ | ਉਨ੍ਹਾਂ ਨਾਲ ਗੱਲਬਾਤ ਦਾ ਦੌਰ ਚਲਾਉਣ ਲਈ ਗਏ ਡੀ.ਐਸ.ਪੀ. ਗੁਰਪ੍ਰੀਤ ਸਿੰਘ ਦੀ ਰੋਹ 'ਚ ਆਏ ਕਿਸਾਨਾਂ ਨੇ ਘੇਰੀਬੰਦੀ ਕਰ ਲਈ ਤੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਧਰਨੇ 'ਚ ਬੰਦੀ ਬਣਾ ਲਿਆ ਗਿਆ | ਇਸੇ ਤਰ੍ਹਾਂ ਮੁਕਸਤਰ-ਮਲੋਟ ਸੜਕ ਰਾਹੀਂ ਬਠਿੰਡਾ ਵੱਲ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਾਈਟੈੱਕ 'ਤੇ ਰੋਕ ਲਿਆ, ਜਿਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਤਲਖਬਾਜ਼ੀ ਵੀ ਹੋਈ ਤਾਂ ਕਿਸਾਨਾਂ ਨੇ ਹਾਈਟੈਕ ਨਜ਼ਦੀਕ ਧਰਨਾ ਲਗਾ ਦਿੱਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ | ਦੇਰ ਸ਼ਾਮ ਤੱਕ ਕਿਸਾਨ ਸੜਕਾਂ 'ਤੇ ਡਟੇ ਰਹੇ, ਜਿਸ ਕਾਰਨ ਜ਼ਿਲ੍ਹੇ ਦੀਆਂ ਮੁੱਖ ਸੜਕਾਂ 'ਤੇ ਦਿਨ ਭਰ ਆਵਾਜਾਈ ਠੱਪ ਰਹੀ ਤਾਂ ਦੇਰ ਸ਼ਾਮ ਪੁਲਿਸ ਨੇ ਕਿਸਾਨਾਂ ਨੂੰ ਸੜਕਾਂ ਤੋਂ ਖਿਦੇੜਣ ਲਈ ਅੱਥਰੂ ਗੈੱਸ ਦੇ ਗੋਲਿਆਂ ਦੀ ਵਰਤੋਂ ਕੀਤੀ, ਜਿਸ ਦਾ ਕਿਸਾਨਾਂ ਨੇ ਡਟਵਾਂ ਟਾਕਰਾ ਕੀਤਾ ਤੇ ਗੈੱਸ ਦੇ ਅਸਰ ਨਾਲ ਕਈ ਕਿਸਾਨ ਤੇ ਕਿਸਾਨ ਔਰਤਾਂ ਪ੍ਰਭਾਵਿਤ ਵੀ ਹੋਈਆਂ |
ਜਨਤਕ ਜਥੇਬੰਦੀਆਂ ਵਲੋਂ ਡੀ.ਸੀ. ਨਾਲ ਹੰਗਾਮੀ ਮੀਟਿੰਗ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਵਨ ਸਿੰਘ ਪੂਹਲੀ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਡੀ.ਟੀ.ਐੱਫ. ਦੇ ਸੂਬਾ ਜਨਰਲ ਸਕੱਤਰ ਰੇਸ਼ਮ ਖੇਮੂਆਣਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਨੰਦਗੜ੍ਹ, ਭਾਕਿਯੂ ਡਕੌਂਦਾ (ਧਨੇਰ) ਦੇ ਚੰਦ ਸਿੰਘ ਭੁੱਚੋ ਖ਼ੁਰਦ, ਨੌਜਵਾਨ ਭਾਰਤ ਸਭਾ ਦੇ ਸੰਦੀਪ ਘੁੱਦਾ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਨਵਜੋਤ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਦੇਵ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਗੁਰਵਿੰਦਰ ਪੰਨੂ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਚੰਦਰ ਸ਼ਰਮਾ, ਪੈਨਸ਼ਨਰ ਐਸੋਸੀਏਸ਼ਨ ਦੇ ਰੂਪ ਗਿੱਲਪੱਤੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਿਕਰਮਜੀਤ ਸਿੰਘ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਜੋਨੀ ਸਿੰਗਲਾ, ਪੁਰਾਣੀ ਪੈਨਸ਼ਨਰ ਪ੍ਰਾਪਤੀ ਫ਼ਰੰਟ ਦੇ ਅੰਮਿ੍ਤਪਾਲ ਸਿੰਘ ਤੇ ਮਜ਼ਦੂਰ ਆਗੂ ਮਨਦੀਪ ਸਿਵੀਆਂ ਵਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੀਟਿੰਗ ਕਰਕੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਇਸ ਮਾਮਲੇ ਨੂੰ ਡਾਂਗ ਦੇ ਜ਼ੋਰ ਦੀ ਬਜਾਏ ਗੱਲਬਾਤ ਨਾਲ ਨਜਿੱਠਣ ਦੀ ਮੰਗ ਕੀਤੀ ਗਈ | ਆਗੂਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਲੋਕਾਂ ਦੀ ਜ਼ੁਬਾਨਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਕਿਸਾਨਾਂ ਦੀ ਫੜੋ-ਫੜਾਈ ਰਾਤ ਤੋਂ ਹੀ ਗਿ੍ਫ਼ਤਾਰ
ਪੱਕੇ ਮੋਰਚੇ ਨੂੰ ਦੇਖਦਿਆਂ ਪੁਲਿਸ ਨੇ ਬੀਤੀ ਰਾਤ ਤੋਂ ਭਾਕਿਯੂ ਉਗਰਾਹਾਂ ਦੇ ਆਗੂਆਂ ਦੀ ਫੜੀ-ਫੜੀ ਸ਼ੁਰੂ ਕਰ ਦਿੱਤੀ ਸੀ, ਜਿਸ ਤਹਿਤ ਕੁਲਵਿੰਦਰ ਗਿਆਨਾ, ਅਜੈਪਾਲ ਘੁੱਦਾ, ਮੱਖਣ ਮਹਿਮਾ ਭਗਵਾਨਾ, ਮੱਖਣ ਬਹਿਮਣ ਦੀਵਾਨਾ, ਬਹੱਤਰ ਸਿੰਘ ਨੰਗਲਾ ਤੇ ਗੁਰਦੀਪ ਗੁਰੂਸਰ ਜਗਾ ਨੂੰ ਹਿਰਾਸਤ 'ਚ ਲਿਆ ਗਿਆ, ਜਦਕਿ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਗਦੇਵ ਜੋਗੇਵਾਲਾ, ਹਰਜਿੰਦਰ ਬੱਗੀ, ਜਸਗੀਰ ਝੁੰਬਾ ਤੇ ਅਮਰੀਕ ਸਿਵੀਆਂ ਆਦਿ ਕਿਸਾਨਾਂ ਦੇ ਘਰਾਂ 'ਚ ਵੀ ਛਾਪੇਮਾਰੀ ਕੀਤੀ ਗਈ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕੇ |
ਕਿਸਾਨ ਤੇ ਜਨਤਕ ਧਿਰਾਂ ਵਲੋਂ ਨਿੰਦਾ
ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਮਹੂਰੀ ਫ਼ਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ, ਯਸ਼ਪਾਲ ਅਤੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਸੀਨੀਅਰ ਮੀਤ ਪ੍ਰਧਾਨ ਸ਼ਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਬੈਣੀਵਾਲ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੇ ਲੋਕ ਵਿਰੋਧੀ ਵਤੀਰੇ ਦੀ ਸਖ਼ਤ ਨਿੰਦਿਆ ਕਰਦਿਆਂ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ ਤੇ ਕਿਸਾਨ ਸੰਘਰਸ਼ 'ਚ ਡਟਵਾਂ ਸਾਥ ਦੇਣ ਦਾ ਐਲਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਾਣੀਆਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸ਼ੁਰੂ ਕੀਤੀ ਜਾਗਰੂਕਤਾ ਮੁ... ਅਗਲੀ ਖ਼ਬਰ ਮਜੀਠੀਆ ਅੱਜ ਮੁਹਾਲੀ ਅਦਾਲਤ 'ਚ ਹੋਣਗੇ ਪੇਸ਼ <br/>
Ad Position 24