ਅੰਮਿ੍ਤਸਰ, 6 ਫਰਵਰੀ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ 11 ਕਿਸਾਨ ਤੇ ਹੋਰ ਹਮਖਿਆਲੀ ਜਥੇਬੰਦੀਆਂ ਨੇ ਪੰਜਾਬ 'ਚ ਲਗਾਤਾਰ ਪਲੀਤ ਹੋ ਰਹੇ ਪਾਣੀਆਂ ਸਮੇਤ ਹੋਰ ਵੱਖ-ਵੱਖ ਮੰਗਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕਰਕੇ ਜਿਥੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਉਥੇ ਹੀ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਵਪਾਰਕ ਸਮਝੌਤਿਆਂ ਦਾ ਵਿਰੋਧ ਕਰਦੇ ਹੋਏ ਤਿੱਖਾ ਸੰੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਵਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ, ਆਜ਼ਾਦ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਪੰਜਾਬ ਕਿਸਾਨ ਯੂਨੀਅਨ ਦੇ ਬੋਘ ਸਿੰਘ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰੇਮ ਸਿੰਘ ਭੰਗੂ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕਵਲਪ੍ਰੀਤ ਸਿੰਘ ਪੰਨੂ, ਦੁਆਬਾ ਕਿਸਾਨ ਯੂਨੀਅਨ, ਮਾਝਾ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਭਾਰਤੀ ਕਿਸਾਨ ਯੂਨੀਅਨ (ਕਾਦੀਆ) ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪ੍ਰਧਾਨ ਨਛੱਤਰ ਸਿੰਘ, ਜਾਗੋ ਪੰਜਾਬ ਦੇ ਆਗੂ ਬਿ੍ਗੇਡੀਅਰ ਇੰਦਰਮੋਹਨ ਸਿੰਘ ਤੋਂ ਇਲਾਵਾ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੰਜਾਬ ਕੈਂਸਰ ਦਾ ਘਰ ਬਣ ਗਿਆ ਹੈ, ਕਿਉਂਕਿ ਸੂਬੇ ਦੇ ਪਾਣੀਆਂ 'ਚ ਵੱਡੀ ਪੱਧਰ 'ਤੇ ਯੂਰੇਨੀਅਮ, ਲੈੱਡ, ਫਲੋਰਾਈਡ, ਆਰਸੈਨਿਕ, ਭਾਰੇ ਮੈਟਲ ਅਤੇ ਨਾਈਟ੍ਰੇਟਸ ਆ ਗਏ ਹਨ, ਜਿਸ ਨਾਲ ਪੰਜਾਬ 'ਚ ਵੱਡੀ ਪੱਧਰ 'ਤੇ ਕੈਂਸਰ ਫੈਲ ਰਿਹਾ ਹੈ | ਰਾਜੇਵਾਲ ਨੇ ਕਿਹਾ ਦੇਸ਼ ਦੇ ਜਲ ਸਰੋਤ ਮੰਤਰੀ ਵਲੋਂ ਸੰਸਦ 'ਚ ਰਿਪੋਰਟ ਪੇਸ਼ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕੈਂਸਰ ਦਾ ਘਰ ਬਣਦਾ ਜਾ ਰਿਹਾ ਹੈ ਅਤੇ ਰਿਪੋਰਟਾਂ ਅਨੁਸਾਰ ਜੇ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਅਗਲੇ ਚਾਰ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੇ ਹਰ ਘਰ 'ਚ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਆਮ ਹੋਣਗੀਆਂ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਪੰਜਾਬ ਦੇ ਹਰੇਕ ਨਾਗਰਿਕ ਨੂੰ ਸਾਫ ਪਾਣੀ ਦੀ ਜ਼ਰੂਰਤ ਹੈ ਪਰ ਦੁੱਖ ਵਾਲੀ ਗੱਲ ਹੈ ਕਿ ਪਾਣੀਆਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਸਰਕਾਰਾਂ ਅਜੇ ਵੀ ਚੁੱਪ ਹਨ | ਉਨ੍ਹਾਂ ਕਿਹਾ ਕਿ ਗੈਰ-ਸੰਵਿਧਾਨਕ ਤਰੀਕੇ ਨਾਲ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ | ਪਾਣੀ ਸੂਬਿਆਂ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਹਮੇਸ਼ਾ ਗਲ਼ 'ਚ ਗੂਠਾ ਦੇ ਕੇ ਆਪਣੀ ਮਨਮਰਜੀ ਨਾਲ ਫ਼ੈਸਲੇ ਕਰਵਾਏ | ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਪਾਣੀ ਪੀਣ ਵਾਸਤੇ ਦਿੱਤਾ ਸੀ ਪਰ ਉਹ ਉਸ ਦੀ ਵਪਾਰਕ ਤੌਰ 'ਤੇ ਵਰਤੋਂ ਕਰਕੇ ਮੁੱਲ ਵੱਟ ਰਹੇ ਹਨ | ਰਾਜੇਵਾਲ ਨੇ ਕਿਹਾ ਕਿ ਇਕ ਰਿਪੋਰਟ ਅਨੁਸਾਰ ਰਾਜਸਥਾਨ ਨੂੰ ਹੁਣ ਤੱਕ ਸਾਢੇ 7 ਲੱਖ ਕਰੋੜ ਦਾ ਪਾਣੀ ਮੁਫ਼ਤ ਦਿੱਤਾ ਜਾ ਚੁੱਕਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਸੂਬੇ ਨੂੰ ਪਾਣੀ ਦੇਣ ਦੇ ਖ਼ਿਲਾਫ਼ ਨਹੀਂ ਹਨ ਪਰ ਇਹ ਜ਼ਰੂਰ ਚਾਹੁੰਦੇ ਹਨ ਕਿ ਸੰਵਿਧਾਨ ਅਨੁਸਾਰ ਪੰਜਾਬ ਨੂੰ ਇਨਸਾਫ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇਕ ਕਰੋੜ ਏਕੜ ਅਤੇ ਹਰਿਆਣਾ ਕੋਲ ਮਹਿਜ 70 ਲੱਖ ਏਕੜ ਵਾਹੀਯੋਗ ਜ਼ਮੀਨ ਹੈ ਪਰ ਉਸ ਦੇ ਮੁਤਾਬਕ ਸਾਡੇ ਕੋਲ ਪਾਣੀ ਘੱਟ ਅਤੇ ਜ਼ਮੀਨ ਜ਼ਿਆਦਾ ਹੈ, ਜਦਕਿ ਹਰਿਆਣਾ ਕੋਲ ਪਾਣੀ ਜ਼ਿਆਦਾ ਅਤੇ ਜ਼ਮੀਨ ਘੱਟ ਹੈ, ਇਸ ਪ੍ਰਕਾਰ ਹੀ ਹਿਮਾਚਲ ਹਰ ਸਾਲ ਦਿੱਲੀ ਨੂੰ 21 ਕਰੋੜ ਦਾ ਪਾਣੀ ਵੇਚਦਾ ਹੈ, ਜਦਕਿ ਪੰਜਾਬ ਕੋਲੋਂ ਗੁਆਂਢੀ ਸੂਬੇ ਮੁਫ਼ਤ ਪਾਣੀ ਲੈ ਰਹੇ ਹਨ ਪਰ ਇਸ ਦੇ ਬਾਵਜੂਦ ਸਿਆਸੀ ਤੌਰ 'ਤੇ ਤੱਥਾਂ ਤੋਂ ਉਲਟ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਪੰਜਾਬ ਖ਼ਿਲਾਫ਼ ਭੜਕਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਗੰਭੀਰ ਮੁੱਦਿਆਂ 'ਤੇ ਚੁੱਪ ਹੈ ਅਤੇ ਸਿਆਸੀ ਧਿਰਾਂ ਬੇਮਤਲਬ ਦੇ ਮਾਮਲਿਆਂ 'ਚ ਰੁੱਝੀਆਂ ਹੋਈਆਂ ਹਨ, ਅਜਿਹੇ 'ਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੋਕਾਂ ਨੂੰ ਖੁਦ ਲੜਾਈ ਲੜਣੀ ਪਵੇਗੀ | ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ, ਕਿਸਾਨਾਂ ਦੀ ਕਰਜ਼ਾ ਮੁਕਤੀ, ਐੱਮ. ਐੱਸ. ਪੀ., ਸਰਕਾਰਾਂ ਵਲੋਂ ਵੱਖ-ਵੱਖ ਕਾਨੂੰਨਾਂ ਤਹਿਤ ਵਪਾਰਕ ਸਮਝੌਤੇ ਕਰਕੇ ਕਿਸਾਨਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਕਰਨ ਲਈ ਲੋਕਾਂ ਨਾਲ ਤਾਲਮੇਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਲਈ ਉਹ ਖੁਦ ਡੇਢ ਮਹੀਨਾ ਪੂਰੇ ਪੰਜਾਬ ਦਾ ਦੌਰਾ ਕਰਨਗੇ | ਉਪਰੰਤ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਰਚ ਦੇ ਅਖੀਰ 'ਚ ਚੰਡੀਗੜ੍ਹ ਵਿਖੇ ਵਿਸ਼ਾਲ ਇਕੱਠ ਕਰਕੇ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ |
ਪਾਣੀਆਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ
ਅਜੀਤ ਡੈਸਕ
07-02-2026