ਪੱਟੀ, 21 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ ਦੀ ਪੌਸ਼ ਕਾਲੋਨੀ ਗਾਰਡਨ ਕਾਲੋਨੀ ਵਿਚ ਅੱਜ ਦਿਨ-ਦਿਹਾੜੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦ ਨੌਜਵਾਨਾਂ ਵਲੋਂ ਇਕ ਨਵੀਂ ਵਿਆਹੀ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ | ਜ਼ਖ਼ਮੀ ਲੜਕੀ ਨੂੰ ਤੁਰੰਤ ਸਰਕਾਰੀ ਹਸਪਤਾਲ ਪੱਟੀ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅੰਮਿ੍ਤਸਰ ਰੈਫਰ ਕਰ ਦਿੱਤਾ | ਜਾਣਕਾਰੀ ਅਨੁਸਾਰ ਗਾਰਡਨ ਕਾਲੋਨੀ ਨਿਵਾਸੀ ਅੰਸ਼ ਗਰੋਵਰ ਪੁੱਤਰ ਵਿਕਾਸ ਗਰੋਵਰ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਪੱਟੀ ਸਹਿਰ ਦੇ ਹੀ ਵਾਂਸ ਬਾਜ਼ਾਰ ਨਿਵਾਸੀ ਰੂਬੀ ਪੁੱਤਰੀ ਸੁਖਦੇਵ ਸਿੰਘ ਨਾਲ ਹੋਇਆ ਸੀ | ਅੱਜ ਦੇਰ ਸ਼ਾਮ ਅੰਸ਼ ਗਰੋਵਰ ਆਪਣੀ ਪਤਨੀ ਰੂਬੀ ਨਾਲ ਸਕੂਟਰੀ 'ਤੇ ਦਵਾਈ ਲੈਣ ਲਈ ਘਰੋਂ ਨਿਕਲੇ ਸਨ ਕਿ ਘਰ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਹੀ ਇਕ ਅਣਪਛਾਤੇ ਨੌਜਵਾਨ ਨੇ ਉਨ੍ਹਾਂ ਦੀ ਸਕੂਟਰੀ ਰੋਕ ਕੇ ਪਹਿਲਾਂ ਅੰਸ਼ ਗਰੋਵਰ ਦੀ ਮਾਰਕੁਟਾਈ ਕਰਨੀ ਸੂਰੂ ਕੀਤੀ ਅਤੇ ਜਦ ਉਸ ਦੇ ਬਚਾ ਵਿਚ ਉਸ ਦੀ ਪਤਨੀ ਰੂਬੀ ਅੱਗੇ ਵਧੀ ਤਾਂ ਹਮਲਾਵਰ ਨੇ ਰੂਬੀ ਦੀ ਵੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਫਿਰ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਦੋ ਗੋਲੀਆਂ ਰੂਬੀ ਨੂੰ ਮਾਰ ਦਿੱਤੀਆਂ, ਜਿਸ 'ਤੇ ਰੂਬੀ ਜ਼ਮੀਨ 'ਤੇ ਡਿੱਗ ਪਈ ਤੇ ਉਸ ਦਾ ਘਰ ਵਾਲਾ ਅੰਸ਼ ਮੌਕੇ ਤੋੋਂ ਫ਼ਰਾਰ ਹੋ ਗਿਆ | ਹਮਲਾਵਰ ਜੋ ਸਕੂਟਰੀ 'ਤੇ ਸਵਾਰ ਹੋ ਕੇ ਆਇਆ ਸੀ ਉਹ ਰੂਬੀ ਨੂੰ ਗੋਲੀ ਮਾਰਨ ਤੋਂ ਬਾਅਦ ਦੋ ਮਿੰਟ ਦੇ ਕਰੀਬ ਵਾਰਦਾਤ ਵਾਲੀ ਜਗ੍ਹਾ 'ਤੇ ਖੜਾ ਰਿਹਾ ਅਤੇ ਜਾਣ ਲੱਗਿਆ ਫਿਰ ਇਕ ਗੋਲੀ ਰੂਬੀ ਦੇ ਹੋਰ ਮਾਰ ਗਿਆ | ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਅੰਸ਼ ਗਰੋਵਰ ਦੀ ਦਾਦੀ ਮੋਨਿਕਾ ਨੇ ਦੱਸਿਆ ਕਿ ਉਸ ਦੇ ਪੋਤਰੇ ਦਾ ਵਿਆਹ ਹਾਲ ਹੀ ਵਿਚ ਹੋਇਆ ਹੈ ਅਤੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ | ਹਮਲੇ ਦੇ ਕਾਰਨਾਂ ਬਾਰੇ ਉਨ੍ਹਾਂ ਨੇ ਅਗਿਆਨਤਾ ਜ਼ਾਹਿਰ ਕੀਤੀ | ਉਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਪੱਟੀ ਦੇ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਕੰਨੀ ਕਤਰਾਈ | ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ |
ਪੱਟੀ 'ਚ ਪਤੀ ਦੀ ਕੁੱਟਮਾਰ ਉਪਰੰਤ ਨਵ-ਵਿਆਹੁਤਾ ਨੂੰ ਮਾਰੀ ਗੋਲੀ <br/>
ਅਜੀਤ ਡੈਸਕ
22-02-2026