ਵਧ ਰਿਹਾ ਖਰਚਾ ਹੈ ਮੁੱਖ ਕਾਰਨ
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 21 ਫ਼ਰਵਰੀ-ਅਪਲਾਈ ਬੋਰਡ ਵਲੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਿਕ ਵਿਦਿਆਰਥੀਆਂ ਵਿਚ ਪ੍ਰੜ੍ਹਾਈ ਲਈ ਵਿਦੇਸ਼ ਜਾਣ ਦੀ ਦਿਲਚਸਪੀ ਘੱਟ ਰਹੀ ਹੈ | ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਆਸਟੇ੍ਰਲੀਆ ਦੀਆਂ ਵੱਧ ਰਹੀਆਂ ਟਿਊਸ਼ਨ ਫ਼ੀਸਾਂ, ਫ਼ੰਡ ਅਤੇ ਖਰਚਿਆਂ ਨੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ | ਰਿਪੋਰਟ ਇਹ ਵੀ ਦੱਸਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕ ਆਪਣੀਆਂ ਨੀਤੀਆਂ ਵਿਚ ਤਬਦੀਲੀ ਲਿਆ ਰਹੇ ਹਨ, ਜਿਸ ਕਰਕੇ ਇਨ੍ਹਾਂ ਦੇਸ਼ਾਂ ਵਿਚ ਹੁਣ ਪੜ੍ਹਾਈ ਕਰਨਾ ਕਿਫ਼ਾਇਤੀ ਨਹੀਂ ਰਿਹਾ | ਪਿਛਲੇ ਕੁਝ ਵਰਿ੍ਹਆਂ ਤੋਂ ਖਰਚੇ ਦੁਗਣੇ ਹੋ ਗਏ ਹਨ | ਰਿਪੋਰਟ ਅਨੁਸਾਰ ਜਰਮਨੀ ਤੇ ਆਇਰਲੈਂਡ ਨੂੰ ਹੁਣ ਸਭ ਤੋਂ ਘੱਟ ਖਰਚੇ ਵਾਲੇ ਦੇਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ, ਜਿਥੇ ਪੜ੍ਹਾਈ ਕਰਨ ਲਈ ਟਿਊਸ਼ਨ ਫ਼ੀਸਾਂ ਦੀ ਦਰ ਘੱਟ ਹੈ | ਇਹ ਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਮੁਕਣ ਤੋਂ ਬਾਅਦ ਵਿਆਪਕ ਰੁਜ਼ਗਾਰ ਵੀ ਦੇ ਰਹੇ ਹਨ | ਫ਼ਰਾਂਸ ਅਤੇ ਸਪੇਨ ਜਾਣ ਲਈ ਵੀ ਬਹੁਤ ਖੱਜਲ-ਖੁਆਰੀ ਨਹੀਂ ਰਹੀ | ਸਾਲ 2025 ਵਿਚ ਨਵੇਂ ਵਰਕ ਪਰਮਿਟਾਂ ਦੇ 50 ਫ਼ੀਸਦੀ ਕੇਸ ਖ਼ਤਮ ਕਰ ਦਿੱਤੇ ਗਏ ਅਤੇ ਚਾਲੂ ਵਰੇ੍ਹ ਦੌਰਾਨ ਹੋਰ ਘਟਾਏ ਜਾਣ ਦੀ ਸੰਭਾਵਨਾ ਹੈ | ਉਧਰ ਜਰਮਨੀ ਵਿਚ ਪਿਛਲੇ ਸਾਲ 4 ਲੱਖ ਕਰੀਬ ਕੌਮਾਂਤਰੀ ਵਿਦਿਆਰਥੀਆਂ ਦੀ ਰਜਿਸਟੇ੍ਰਸ਼ਨ ਹੋਣ ਦੀ ਜਾਣਕਾਰੀ ਮਿਲੀ ਹੈ | ਫ਼ਰਾਂਸ 2030 ਤੱਕ ਕਈ ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਅੰਦਰ ਬੁਲਾਉਣ ਦੀ ਯੋਜਨਾ ਬਣਾ ਰਿਹਾ ਹੈ | ਇਸ ਤੋਂ ਇਲਾਵਾ ਦੱਖਣੀ ਕੋਰੀਆ ਅਤੇ ਯੂ.ਏ.ਈ. ਵੀ ਕੌਮਾਂਤਰੀ ਵਿਦਿਆਰਥੀਆ ਦੇ ਦਾਖਲੇ ਲਈ ਆਪਣੀ ਸਰਗਰਮੀ ਤੇਜ਼ ਕਰ ਰਹੇ ਹਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਵਰੇ੍ਹ ਦੌਰਾਨ ਬਰਤਾਨੀਆ (ਯੂ.ਕੇ.) ਛੱਡਣ ਦੀ ਵਿਦਿਆਰਥੀਆਂ ਅਤੇ ਕਾਮੇ ਦੀ ਗਿਣਤੀ 2 ਲੱਖ ਤੋਂ ਉਪਰ ਦੱਸੀ ਗਈ ਹੈ | ਸਾਲ 2025 ਦੌਰਾਨ ਉਥੋਂ ਦੇ ਰਾਸ਼ਟਰੀ ਅੰਕੜਿਆਂ ਅਨੁਸਾਰ 45 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਅਤੇ 22,500 ਦੇ ਕਰੀਬ ਪੇਸ਼ਾਵਰ ਯੂ.ਕੇ. ਛੱਡ ਚੁੱਕੇ ਹਨ | ਨਵੇਂ ਸ਼ੁੱਧ ਪ੍ਰਵੇਸ਼ ਹੋਣ 'ਚ 80 ਫ਼ੀਸਦ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ | ਯੂ.ਕੇ. ਛੱਡਣ ਵਾਲਿਆਂ 'ਚ ਕੌਮਾਂਤਰੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਗਿਣਤੀ ਦਾ ਕੁੱਲ ਤੀਜਾ ਹਿੱਸਾ ਭਾਰਤੀ ਹਨ | ਬਾਕੀ ਲੋਕ ਦੂਜੇ ਦੇਸ਼ਾਂ ਨਾਲ ਸੰਬੰਧਿਤ ਹਨ | ਇਸ ਸਾਰੇ ਘਟਨਾਕ੍ਰਮ ਵਿਚ ਜਿਹੜੇ ਵਿਦਿਆਰਥੀ ਜਾਂ ਕਾਮੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਾਪਸ ਆ ਗਏ ਹਨ | ਹੁਣ ਉਹ ਇਥੋਂ ਆਪਣਾ ਭਵਿੱਖ ਤਰਾਸ਼ਣ ਵਿਚ ਰੁਝ ਗਏ ਹਨ | ਇਥੇ ਵਿਦਿਆਰਥੀਆਂ ਦੇ ਪ੍ਰਵਾਸ ਕਾਰਨ ਬੰਦ ਪਏ ਵਿਦਿਅਕ ਤੇ ਪੇਸ਼ਾਵਰ ਸੰਸਥਾਵਾਂ ਫ਼ਿਰ ਖੁੱਲ ਗਈਆਂ ਹਨ | ਇਨ੍ਹਾਂ ਅਦਾਰਿਆਂ ਵਿਚ ਇਕ ਵਾਰ ਫ਼ਿਰ ਰੌਣਕਾਂ ਪਰਤ ਆਈਆਂ ਹਨ |
ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਲੱਗੇ ਝਿਜਕਣ
ਅਜੀਤ ਡੈਸਕ
22-02-2026