ਜਲੰਧਰ, 23 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਨਜੋਤ ਸਿੰਘ ਉਰਫ਼ ਅਮਨ ਪੁੱਤਰ ਰਾਜ ਕੁਮਾਰ ਵਾਸੀ ਪੰਜਾਬ ਐਵਿਨਿਊ, ਲੱਧੇਵਾਲੀ, ਜਲੰਧਰ, ਮਨਜੀਤ ਸਿੰਘ ਉਰਫ਼ ਸ਼ੇਰਾ ਉਰਫ਼ ਸ਼ਮਸ਼ੇਰ ਪੁੱਤਰ ਮਹਿੰਦਰ ਸਿੰਘ ਲੁਹਾਰਾ ਮੁਹੱਲਾ, ਲੱਧੇਵਾਲੀ, ਜਲੰਧਰ ਅਤੇ ਰਣਵੀਰ ਸਿੰਘ ਉਰਫ਼ ਇੰਦੀ ਪੁੱਤਰ ਜੁਝਾਰ ਸਿੰਘ ਵਾਸੀ ਲੁਹਾਰਾ ਮੁਹੱਲਾ, ਲੱਧੇਵਾਲੀ, ਜਲੰਧਰ ਨੂੰ 20-20 ਸਾਲ ਦੀ ਕੈਦ ਅਤੇ 3-3 ਲੱਖ ਤੇ 24-24 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 2-2 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀਆਂ ਖ਼ਿਲਾਫ਼ 25 ਜੂਨ 2024 ਨੂੰ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਪੀੜਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਆਪਣੇ ਦੋਸਤਾਂ ਨਾਲ ਗਈ ਸੀ ਕਿ ਇੰਨੇ ਨੂੰ ਪਿਛੋਂ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਸਾਡੇ ਮੋਟਰਸਾਈਕਲ ਦੀ ਚਾਬੀ ਕੱਢ ਲਈ | ਅਸੀਂ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਕ ਦੋਸ਼ੀ ਨੇ ਚਾਕੂ ਕੱਢ ਲਿਆ ਤੇ ਕਹਿੰਦਾ ਕਿ ਤੈਨੂੰ ਤੇਰੇ ਘਰ ਛੱਡ ਕੇ ਆਉਂਦੇ ਹਾਂ, ਦੋਸ਼ੀ ਨੇ ਉਸ ਨੂੰ ਆਪਣੇ ਸਾਥੀਆਂ ਨਾਲ ਸੁੰਨਸਾਨ ਥਾਂ 'ਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ |