ਲਖਨਊ, 24 ਫਰਵਰੀ (ਏਜੰਸੀ)-ਲਖਨਊ 'ਚ ਵਰਧਮਾਨ ਪੈਥੋਲੋਜੀ ਲੈਬ ਦੇ ਮਾਲਕ ਮਾਨਵੇਂਦਰ ਸਿੰਘ ਦੀ ਉਸ ਦੇ 21 ਸਾਲਾ ਪੁੱਤਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਹੱਤਿਆ ਤੋਂ ਬਾਅਦ ਲਾਸ਼ ਨੂੰ ਆਰੇ ਨਾਲ ਕੱਟ ਕੇ ਟੁਕੜੇ ਇਕ ਨੀਲੇ ਡਰੱਮ 'ਚ ਭਰ ਦਿੱਤੇ ਗਏ | ਪਿਤਾ ਦਾ ਸਿਰ ਵੱਢ ਕੇ ਆਪਣੀ ਕਾਰ 'ਚ ਰੱਖ ਕੇ ਘਰ ਤੋਂ 21 ਕਿਲੋਮੀਟਰ ਦੂਰ ਸੁੱਟ ਦਿੱਤਾ | ਅਕਸ਼ਤ ਨੇ ਆਪਣੀ ਭੈਣ ਸਾਹਮਣੇ ਇਹ ਅਪਰਾਧ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ | ਆਪਣੇ ਪਿਤਾ ਦਾ ਸਿਰ ਸੁੱਟਣ ਤੋਂ ਬਾਅਦ ਦੋਸ਼ੀ ਘਰ ਵਾਪਸ ਆਇਆ ਤੇ ਕਾਰ ਸਾਫ਼ ਕੀਤੀ | ਤਿੰਨ ਦਿਨ ਬਾਅਦ ਸੋਮਵਾਰ ਨੂੰ ਉਹ ਪੁਲਿਸ ਸਟੇਸ਼ਨ ਗਿਆ ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ | ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਪੁੱਤਰ ਘਬਰਾ ਗਿਆ | ਸ਼ੱਕੀ ਤੇ ਸਖ਼ਤ ਪੁੱਛਗਿੱਛ ਨੇ ਉਸ ਨੂੰ ਅਪਰਾਧ ਕਬੂਲਣ ਲਈ ਪ੍ਰੇਰਿਤ ਕੀਤਾ | ਪੁਲਿਸ ਉਸ ਨਾਲ ਮੌਕੇ 'ਤੇ ਗਈ ਤੇ ਸਰੀਰ ਦੇ ਅੰਗ ਬਰਾਮਦ ਕੀਤੇ, ਪਰ ਸਿਰ ਨਹੀਂ ਮਿਲਿਆ | ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਚਾਹੁੰਦਾ ਸੀ ਕਿ ਉਹ ਨੀਟ ਕੁਆਲੀਫਾਈ ਕਰਕੇ ਐਮ.ਬੀ.ਬੀ.ਐਸ. ਕਰੇ | ਉਹ ਇਸ ਗੱਲ 'ਤੇ ਅੜਿਆ ਸੀ ਕਿ ਉਸ ਨੂੰ ਐਮ.ਬੀ.ਬੀ.ਐਸ. ਕਰਨ ਲਈ ਮਜਬੂਰ ਨਾ ਕੀਤਾ ਜਾਵੇ | ਉਹ ਆਪਣੇ ਪਿਤਾ ਨੂੰ ਕਹਿੰਦਾ ਹੁੰਦਾ ਸੀ ਕਿ ਪੈਥੋਲੋਜੀ ਲੈਬ ਖੋਲ੍ਹਣ ਦੀ ਬਜਾਏ, ਉਸ ਨੂੰ ਇਕ ਲਾਅਨ ਜਾਂ ਇਕ ਰੈਸਟੋਰੈਂਟ ਖੋਲ੍ਹਣਾ ਚਾਹੀਦਾ ਹੈ, ਜੋ ਕਿ ਇਕ ਵਧੇਰੇ ਲਾਭਦਾਇਕ ਕਾਰੋਬਾਰ ਹੋਵੇਗਾ | 20 ਫਰਵਰੀ ਨੂੰ ਇਸ ਮੁੱਦੇ 'ਤੇ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੋ ਗਿਆ | ਗੁੱਸੇ 'ਚ ਆ ਕੇ ਉਸ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ |