ਜਲੰਧਰ, 24 ਫਰਵਰੀ (ਜਸਪਾਲ ਸਿੰਘ)-ਉਘੇ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਇਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤੀ ਗਈ | ਪੰਜਾਬ ਚੇਤਨਾ ਮੰਚ ਵਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਉਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਪ੍ਰਸਿੱਧ ਸਾਹਿਤਕਾਰ ਡਾ. ਲਖਵਿੰਦਰ ਸਿੰਘ ਜੌਹਲ ਵਲੋਂ ਕੀਤੀ ਗਈ, ਜਦਕਿ ਦੀਪਕ ਬਾਲੀ ਸਲਾਹਕਾਰ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ, ਐਸ. ਪੀ. ਸਿੰਘ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਅਮੋਲਕ ਸਿੰਘ ਗਾਖਲ (ਗਾਖਲ ਗਰੁੱਪ ਅਮਰੀਕਾ) ਤੇ ਬਹਾਦਰ ਸਿੰਘ (ਵੰਨ ਬੀਟ ਮੈਡੀਕਲ ਗਰੁੱਪ ਅਮਰੀਕਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮਨੀਸ਼ ਤਿਵਾੜੀ ਨੇ ਐਸ. ਅਸ਼ੋਕ ਭੌਰਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੀ ਸਖ਼ਤ ਮਿਹਨਤ ਨਾਲ ਵਿਦੇਸ਼ੀ ਧਰਤੀ 'ਤੇ ਬੁਲੰਦੀਆਂ ਛੂਹਣ ਵਾਲੇ ਪੰਜਾਬੀਆਂ ਦੀ ਬਾਤ ਪਾਉਂਦੀ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਦਾ ਸੋਮਾ ਬਣੇਗੀ | ਇਸ ਤੋਂ ਪਹਿਲਾਂ ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਈਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਭੌਰਾ ਦੀ ਇਹ ਪੁਸਤਕ ਪੰਜਾਬੀ ਕੌਮ ਦੀ ਵਿਸ਼ਵ ਪੱਧਰੀ ਪਛਾਣ ਨੂੰ ਮਜ਼ਬੂਤ ਬਣਾਉਣ ਵਾਲਾ ਇਕ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਇਹ ਨਵੀਂ ਪੀੜ੍ਹੀ ਦਾ ਰਾਹ ਹਮੇਸ਼ਾ ਰੁਸ਼ਨਾਉਂਦੀ ਰਹੇਗੀ | ਉਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਸ੍ਰੀ ਭੌਰਾ ਦੀ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਭਾਸ਼ਾ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਪਛਾਣ ਨੂੰ ਬਣਾਈ ਰੱਖਣ ਲਈ ਪ੍ਰੇਰਿਆ | ਡਾ. ਲਖਵਿੰਦਰ ਸਿੰਘ ਜੌਹਲ, ਪ੍ਰਸਿੱਧ ਲੇਖਕ ਬੱਲ ਸਿੱਧੂ, ਬਹਾਦਰ ਸਿੰਘ (ਵੰਨ ਬੀਟ ਮੈਡੀਕਲ ਗਰੁੱਪ ਅਮਰੀਕਾ) ਤੇ ਹੋਰਨਾਂ ਸ਼ਖਸ਼ੀਅਤਾਂ ਨੇ ਵੀ ਸ੍ਰੀ ਭੌਰਾ ਦੀ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ | ਐਸ. ਅਸ਼ੋਕ ਭੌਰਾ ਨੇ ਆਪਣੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀਆਂ ਦੀਆਂ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਇਕ ਇਤਿਹਾਸਿਕ ਦਸਤਾਵੇਜ਼ ਹੈ, ਜਿਸ ਵਿਚ ਉਨ੍ਹਾਂ ਨੇ 50 ਪ੍ਰਮੁੱਖ ਪੰਜਾਬੀਆਂ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ | ਸਮਾਗਮ 'ਚ ਪੰਜਾਬ ਚੇਤਨਾ ਮੰਚ ਵਲੋਂ ਅਸ਼ੋਕ ਭੌਰਾ ਦੀਆਂ ਪੱਤਰਕਾਰੀ ਤੇ ਸਾਹਿਤਕ ਖੇਤਰ 'ਚ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਮੰਚ ਦਾ ਸੰਚਾਲਨ ਉਘੇ ਲੇਖਕ ਗੁਰਮੀਤ ਪਲਾਹੀ ਨੇ ਕੀਤਾ | ਇਸ ਮੌਕੇ ਰਛਪਾਲ ਸਿੰਘ ਪਾਲ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ, ਨੱਥਾ ਸਿੰਘ ਗਾਖਲ, ਮੇਵਾ ਸਿੰਘ ਹੋਠੀ, ਰਵਿੰਦਰ ਢੋਟ, ਜਨਕ ਪਲਾਹੀ, ਕੇ. ਕੇ. ਬਾਵਾ, ਸਤਬੀਰ ਸਿੰਘ ਪੱਲੀਝਿੱਕੀ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, 'ਅਜੀਤ' ਦੇ ਨਿਊਜ਼ ਅਡੀਟਰ ਅਵਤਾਰ ਸਿੰਘ ਸ਼ੇਰਗਿੱਲ, ਸੁਰਜੀਤ ਜੱਜ, ਇੰਦਰਜੀਤ ਸਿੰਘ ਆਰਟਿਸਟ, ਗੁਰਦੀਸ਼ ਪਨੂੰ, ਬਲਜਿੰਦਰ ਮਾਨ, ਵਿਜੇ ਬੰਬੇਲੀ, ਕੁਲਦੀਪ ਸਿੰਘ ਬੇਦੀ, ਤੇਜਿੰਦਰ ਕੌਰ ਥਿੰਦ, ਰਾਜੇਸ਼ ਥਾਪਾ, ਸ਼ਿਵ ਸ਼ਰਮਾ, ਕਸ਼ਮੀਰ ਕੌਰ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਉੱਘੇ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ ਪ੍ਰਮੁੱਖ ਸ਼ਖਸੀਅਤਾਂ ਵਲੋਂ ਰਿਲੀਜ਼ <br/>
ਅਜੀਤ ਡੈਸਕ
25-02-2026