ਬਟਾਲਾ, 26 ਫਰਵਰੀ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਹੋਲਾ ਮਹੱਲਾ 1 ਤੋਂ 4 ਮਾਰਚ ਤੱਕ ਮਨਾਇਆ ਜਾਵੇਗਾ | ਇਸ ਸਬੰਧੀ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਹੋਲਾ ਮਹੱਲੇ ਦੇ ਸਮੂਹ ਸਮਾਗਮਾਂ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਕ ਮਾਰਚ ਨੂੰ ਤਖ਼ਤ ਸੱਚਖੰਡ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ, 2 ਮਾਰਚ ਨੂੰ ਰਾਤ 9:00 ਤੋਂ 1:00 ਵਜੇ ਤੱਕ ਸਿੱਖ ਸੇਵਕ ਜਥਾ ਦਿੱਲੀ ਵਲੋਂ ਕੀਰਤਨ ਦਰਬਾਰ ਹੋਵੇਗਾ, 3 ਮਾਰਚ ਰਾਤ ਨੂੰ ਮੁੰਬਈ ਦੇ ਭਾਈ ਜੈਮਲ ਸਿੰਘ ਸਹਿਗਲ ਪਰਿਵਾਰ ਵਲੋਂ 76ਵਾਂ ਰੈਣ ਸਬਾਈ ਕੀਰਤਨ ਸਮਾਗਮ ਹੋਵੇਗਾ, ਜੋ 9:00 ਵਜੇ ਆਰੰਭ ਹੋ ਕੇ ਅੰਮਿ੍ਤ ਵੇਲੇ 3:00 ਵਜੇ ਤੱਕ ਚਲੇਗਾ ਅਤੇ 4 ਮਾਰਚ ਨੂੰ ਪ੍ਰੰਪਰਾਗਤ ਹੋਲੇ ਮਹੱਲੇ ਸਬੰਧੀ ਗੁਰੂ ਸਾਹਿਬ ਜੀ ਦੇ ਕਮਰਕਸੇ ਦੇ ਪਵਿੱਤਰ ਸ਼ਸਤਰ ਸੰਗਤਾਂ ਦੇ ਦਰਸ਼ਨ ਲਈ ਮਰਿਯਾਦਾ ਅਨੁਸਾਰ ਸਿੰਘਾਸਨ ਅਸਥਾਨ ਦੇ ਮੁੱਖ ਦੁਆਰ ਦੇ ਸਾਹਮਣੇ ਸਜਾਏ ਜਾਣਗੇ | ਯੁੱਧਮਈ ਬਾਣੀ ਦੇ ਪਾਠ ਉਪਰੰਤ ਧਾਰਮਿਕ ਰਵਾਇਤ ਅਨੁਸਾਰ ਸ਼ਾਮ 4:00 ਵਜੇ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਹੋਲੇ ਮਹੱਲੇ ਦੀ ਆਰੰਭਤਾ ਹੋਵੇਗੀ, ਜੋ ਪ੍ਰੰਪਰਾਗਤ ਮਾਰਗਾਂ ਤੋ ਹੁੰਦੇ ਹੋਏ ਹੱਲਾ ਬੋਲ ਚੌਕ (ਮਹਾਵੀਰ ਚੌਕ) ਵਿਖੇ ਪੁੱਜ ਕੇ ਹੱਲਾ ਹੋਵੇਗਾ | ਉਪਰੰਤ ਬਾਉਲੀ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਅਤੇ ਅਰਦਾਸ ਕਰਕੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਪੁੱਜੇਗਾ, ਉਥੋਂ ਚੱਲ ਕੇ ਤਕਰੀਬਨ 10 ਵਜੇ ਤਖ਼ਤ ਸਾਹਿਬ ਵਿਖੇ ਪੁੱਜ ਕੇ ਮਹੱਲੇ ਦੀ ਸਮਾਪਤੀ ਹੋਵੇਗੀ |