ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬਾਜੌਰ ਸ਼ਹਿਰ ਦੇ ਨਵਾਂ ਕਾਲੇ ਇਲਾਕੇ 'ਚ ਅੱਤਵਾਦੀਆਂ ਨੇ ਅਬਾਬੀਲ ਫੋਰਸ 'ਤੇ ਗਸ਼ਤ ਦੌਰਾਨ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ 4 ਪੁਲਿਸ ਕਰਮੀ ਮਾਰੇ ਗਏ ਅਤੇ ਦੋ ਹੋਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਅਬਾਬੀਲ ਫੋਰਸ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਨਿਯਮਤ ਗਸ਼ਤ 'ਤੇ ਸੀ ਜਦੋਂ ਹਮਲਾ ਹੋਇਆ | ਮਾਰੇ ਗਏ ਕਰਮਚਾਰੀਆਂ ਦੀ ਪਛਾਣ ਯਾਰਜ਼ਾਦਾ, ਦਾਊਦ, ਇਮਰਾਨ ਅਤੇ ਸ਼ਿਰਾਜ਼ ਵਜੋਂ ਹੋਈ ਹੈ | ਜ਼ਖ਼ਮੀਆਂ ਨੂੰ ਇਲਾਜ ਲਈ ਖ਼ਾਰ ਦੇ ਜ਼ਿਲ੍ਹਾ ਹੈੱਡਕੁਆਟਰ (ਡੀ. ਐੱਚ. ਕਿਊ.) ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ | ਹਮਲੇ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ | ਉੱਧਰ ਲਹਿੰਦੇ ਪੰਜਾਬ ਦੀ ਪੁਲਿਸ ਵਲੋਂ ਕਿਹਾ ਗਿਆ ਹੈ ਕਿ ਭਾਕਰ ਸ਼ਹਿਰ 'ਚ ਦਾਜਿਲ ਅੰਤਰ-ਸੂਬਾਈ ਚੈੱਕ ਪੋਸਟ 'ਤੇ ਹੋਏ ਆਤਮਘਾਤੀ ਹਮਲੇ 'ਚ ਦੋ ਪੁਲਿਸ ਕਰਮੀ ਫਹੀਮ ਅੱਬਾਸ ਅਤੇ ਸ਼ਹਿਬਾਜ਼ ਮਦਨੀ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ |