ਲੁਧਿਆਣਾ, 7 ਮਾਰਚ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਏ ਸੂਬਾ ਪੱਧਰੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੜਕੀਆਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਬਰਾਬਰ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਾਸਨ, ਆਰਥਿਕਤਾ ਤੇ ਸਿਆਸਤ ਵਿਚ ਔਰਤਾਂ ਦੀ ਭਾਈਵਾਲੀ ਤੋਂ ਬਿਨਾਂ ਸੂਬਾ ਦੇਸ਼ ਦਾ ਮੋਹਰੀ ਨਹੀਂ ਬਣ ਸਕਦਾ | ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਉਨ੍ਹਾਂ ਰੁਕਾਵਟਾਂ ਨੂੰ ਸ਼ਿੱਦਤ ਨਾਲ ਦੂਰ ਕਰ ਰਹੀ ਹੈ, ਜੋ ਔਰਤਾਂ ਨੂੰ ਮੁੱਖ ਖੇਤਰਾਂ ਤੋਂ ਦੂਰ ਰੱਖਦੀਆਂ ਸਨ | ਉਨ੍ਹਾਂ ਨੇ ਸਰਕਾਰੀ ਨੌਕਰੀਆਂ ਲਈ ਮੈਰਿਟ ਤੇ ਯੋਗਤਾ-ਆਧਾਰਿਤ ਭਰਤੀ ਦਾ ਵੀ ਜ਼ਿਕਰ ਕੀਤਾ, ਜਿੱਥੇ 63 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਜ਼ਿਆਦਾਤਰ ਕੁੜੀਆਂ ਨੂੰ ਮਿਲੀਆਂ ਹਨ | ਮੁੱਖ ਮੰਤਰੀ ਨੇ ਗੈਰ-ਵਾਜਬ ਸ਼ਰਤਾਂ ਨੂੰ ਦੂਰ ਕਰਨ ਤੋਂ ਬਾਅਦ ਔਰਤਾਂ ਲਈ ਅੱਗ ਬੁਝਾਊ ਸੇਵਾਵਾਂ ਵਿਚ ਸ਼ਾਮਿਲ ਹੋਣ ਅਤੇ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਮਹਿਲਾ ਅਧਿਕਾਰੀਆਂ ਦੀ ਵੱਧ ਰਹੀ ਮੌਜੂਦਗੀ ਬਾਰੇ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਮੁੱਖ ਮੰਤਰੀ ਨੇ ਲੜਕੀਆਂ ਨੂੰ ਰਾਜਨੀਤੀ ਵਿਚ ਆਉਣ ਅਤੇ ਫ਼ੈਸਲਾ ਲੈਣ ਵਿਚ ਸਰਗਰਮ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਮਜਬੂਤ ਲੋਕਤੰਤਰ ਅਤੇ ਪ੍ਰਗਤੀਸ਼ੀਲ ਪੰਜਾਬ ਦਾ ਸੁਪਨਾ ਤਾਂ ਹੀ ਸਾਕਾਰ ਹੋਵੇਗਾ, ਜਦੋਂ ਔਰਤਾਂ ਜਨਤਕ ਨੀਤੀ ਅਤੇ ਲੀਡਰਸ਼ਿਪ ਲਈ ਕੇਂਦਰੀ ਭੂਮਿਕਾ ਨਿਭਾਉਣਗੀਆਂ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬਾ ਭਰ ਵਿਚ ਔਰਤਾਂ ਨੂੰ ਸ਼ਾਸਨ ਅਤੇ ਪ੍ਰਸ਼ਾਸਨ ਵਿਚ ਵੱਧ ਤੋਂ ਵੱਧ ਮੌਕੇ ਦੇ ਕੇ ਸਮਰੱਥ ਬਣਾਉਣ ਲਈ ਠੋਸ ਯਤਨ ਕੀਤੇ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਈ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਿਯੁਕਤ ਕੀਤਾ ਹੈ | ਕਈ ਮਹਿਲਾ ਅਧਿਕਾਰੀਆਂ ਨੂੰ ਏ.ਡੀ.ਸੀ. ਵੀ ਨਿਯੁਕਤ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਨੌਜਵਾਨਾਂ ਨੂੰ 63 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੁੜੀਆਂ ਹੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਇਤਿਹਾਸ ਵਿਚ ਵਿਲੱਖਣ ਸਥਾਨ ਰੱਖਦਾ ਹੈ | ਉਨ੍ਹਾਂ ਕਿਹਾ ਪੰਜਾਬ ਨਾ ਸਿਰਫ ਦੇਸ਼ ਦਾ ਅੰਨਦਾਤਾ ਹੈ, ਸਗੋਂ ਦੇਸ਼ ਦੀ ਖੜਗਭੁਜਾ ਵੀ ਹੈ | ਇਸ ਮੌਕੇ ਮੁੱਖ ਮੰਤਰੀ ਨੇ ਕਈ ਮਹਿਲਾਵਾਂ ਨੂੰ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਲਈ ਸਨਮਾਨਿਤ ਵੀ ਕੀਤਾ, ਜਿਨ੍ਹਾਂ ਵਿਚ ਹਾਲ ਹੀ ਵਿਚ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕਰਨ ਵਾਲੀਆਂ ਕੁੜੀਆਂ ਵੀ ਸ਼ਾਮਿਲ ਸਨ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |
ਲੋਕਤੰਤਰ ਨੂੰ ਮਜ਼ਬੂਤ ਕਰਨ ਤੇ ਸਮਾਜ ਵਿਚ ਸਾਰਥਿਕ ਤਬਦੀਲੀ ਲਈ ਔਰਤਾਂ ਦਾ ਅੱਗੇ ਆਉਣਾ ਜ਼ਰੂਰੀ-ਭਗਵੰਤ ਮਾਨ <br/>
ਅਜੀਤ ਡੈਸਕ
08-03-2026