ਜਲੰਧਰ, 8 ਮਾਰਚ (ਸ਼ਿਵ ਸ਼ਰਮਾ)-ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੂੰ ਸ਼ੁਰੂ ਹੋਏ ਅਜੇ ਹਫ਼ਤਾ ਵੀ ਨਹੀਂ ਹੋਇਆ ਹੈ ਪਰ ਇਸ ਜੰਗ ਦਾ ਅਸਰ ਹੁਣ ਨਜ਼ਰ ਆਉਣ ਲੱਗ ਪਿਆ ਹੈ ਜਿਥੇ ਕਿ ਰਸੋਈ ਗੈਸ ਦੀ ਕੀਮਤ ਵਿਚ 60 ਰੁਪਏ ਤੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 115 ਰੁਪਏ ਮਹਿੰਗੇ ਹੋਣ ਨਾਲ ਲੋਕਾਂ ਦੀਆਂ ਜੇਬਾਂ ਹਲਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ | ਅਜੇ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਕੱਚੇ ਤੇਲ ਤੋਂ ਨਿਕਲਦੇ ਉਤਪਾਦ ਖ਼ਾਸ ਕਰਕੇ ਪਲਾਸਟਿਕ ਦੀਆਂ ਕੀਮਤਾਂ ਵਧਣ ਨਾਲ ਇਸ ਨਾਲ ਜੁੜੇ ਹਰ ਸਾਮਾਨ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਗਿਆ ਹੈ, ਜਿਸ ਕਰਕੇ ਇਸ ਦਾ ਅਸਰ ਕਈ ਕੰਮਾਂ 'ਤੇ ਪੈ ਰਿਹਾ ਹੈ | ਲੋਕਾਂ ਨੂੰ ਸ਼ੰਕਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਜੰਗ ਆਉਂਦੇ ਦਿਨਾਂ ਵਿਚ ਜਾਰੀ ਰਹਿੰਦੀ ਹੈ ਤਾਂ ਮਹਿੰਗਾਈ ਨੂੰ ਹੋਰ ਵਧਣ ਤੋਂ ਕਿਸੇ ਵੀ ਹਾਲਤ ਵਿਚ ਰੋਕਿਆ ਨਹੀਂ ਜਾ ਸਕਦਾ | ਕੱਚੇ ਪਲਾਸਟਿਕ ਦੀਆਂ ਕੀਮਤਾਂ ਵਿਚ 35 ਤੋਂ 40 ਫ਼ੀਸਦੀ ਤੱਕ ਵਾਧਾ ਹੋ ਗਿਆ ਹੈ ਜਦਕਿ ਪਲਾਸਟਿਕ ਤੋਂ ਤਿਆਰ ਹੋਣ ਵਾਲੇ ਸਾਮਾਨ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਤਾਂ ਵਾਧਾ ਤੁਰੰਤ ਲਾਗੂ ਹੋ ਗਿਆ ਹੈ ਸਗੋਂ ਬਾਜ਼ਾਰ ਵਿਚੋਂ ਹੁਣ ਇਸ ਦੀ ਕਮੀ ਵੀ ਮਹਿਸੂਸ ਕੀਤੀ ਜਾਣ ਲੱਗ ਪਈ ਹੈ | ਬਿਜਲੀ ਦੇ ਸਾਮਾਨ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਮਿੱਤ ਸਹਿਗਲ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਬਿਜਲੀ ਦੀਆਂ ਤਾਰਾਂ ਇਸ ਕਰਕੇ ਮਹਿੰਗੀਆਂ ਹੋ ਗਈਆਂ ਸੀ ਕਿਉਂਕਿ 3 ਮਹੀਨੇ ਵਿਚ ਹੀ ਤਾਂਬਾ ਦੀ ਕੀਮਤ ਦੁੱਗਣੀ ਹੋ ਗਈ ਸੀ ਤਾਂ ਹੁਣ ਪਲਾਸਟਿਕ ਮਹਿੰਗਾ ਹੋਣ ਨਾਲ ਇਸ ਨਾਲ ਬਣਦੇ ਸਾਮਾਨ ਦੀਆਂ ਕੀਮਤਾਂ 15 ਤੋਂ 20 ਫ਼ੀਸਦੀ ਵਧ ਗਈਆਂ ਹਨ | ਪਲਾਸਟਿਕ ਦੇ ਲਿਫ਼ਾਫ਼ੇ ਤਿਆਰ ਕਰਨ ਵਾਲੇ ਕਾਰੋਬਾਰੀ ਆਗੂ ਰਜਤ ਦੁੱਗਲ ਦਾ ਕਹਿਣਾ ਸੀ ਕਿ ਪਲਾਸਟਿਕ ਦੀ ਕੀਮਤ ਵਧਣ ਨਾਲ ਲਿਫ਼ਾਫ਼ੇ ਮਹਿੰਗੇ ਹੋ ਗਏ ਹਨ | 112 ਰੁਪਏ ਕਿੱਲੋ ਵਾਲਾ ਲਿਫ਼ਾਫ਼ਾ ਹੁਣ 150 ਰੁਪਏ ਕਿੱਲੋ ਵਿਕ ਰਿਹਾ ਹੈ | ਪਿ੍ੰਟਿੰਗ ਕਰਨ ਵਿਚ ਵਰਤੀ ਜਾਂਦੀ ਸਿਆਹੀ ਵਿਚ ਸਾਲਵੇਂਟ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਵੀ 25 ਤੋਂ 30 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ | ਉਧਰ ਤੇਲ ਕਾਰੋਬਾਰ ਨਾਲ ਜੁੜੇ ਲੋਕਾਂ 'ਚ ਇਸ ਗੱਲ ਦੀ ਘਬਰਾਹਟ ਹੈ ਕਿ ਬਰੈਂਡ ਨਾਂਅ ਦੇ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੱਕ ਪੱੁਜ ਗਈ ਹੈ | ਕੱਚੇ ਤੇਲ ਦੀਆਂ ਕੀਮਤਾਂ ਆਪਣਾ ਅਸਰ ਦਿਖਾ ਰਹੀਆਂ ਹਨ | ਚਾਹੇ ਅਜੇ ਤੱਕ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਪਰ ਇਹ ਵਾਧਾ ਜ਼ਿਆਦਾ ਦੇਰ ਟਾਲਿਆ ਨਹੀਂ ਜਾ ਸਕੇਗਾ | ਉਂਜ 22 ਮਈ 2022 ਤੋਂ ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਕੀਮਤਾਂ ਸਥਿਰ ਹਨ | ਕੇਂਦਰ ਨੇ ਐਕਸਾਈਜ਼ ਡਿਊਟੀ ਵਿਚ ਵਾਧਾ ਕੀਤਾ ਸੀ ਪਰ ਇਸ ਦਾ ਭਾਰ ਲੋਕਾਂ 'ਤੇ ਨਹੀਂ ਸਗੋਂ ਤੇਲ ਕੰਪਨੀਆਂ ਨੇ ਆਪ ਝੱਲਿਆ ਸੀ | ਜੇਕਰ ਐਕਸਾਈਜ਼ ਡਿਊਟੀ ਘਟਾਈ ਜਾਂਦੀ ਹੈ ਤਾਂ ਤੇਲ ਕੰਪਨੀਆਂ 'ਤੇ ਜ਼ਿਆਦਾ ਭਾਰ ਨਹੀਂ ਪਏਗਾ ਤੇ ਤੇਲ ਦੀਆਂ ਕੀਮਤਾਂ ਨੂੰ ਵਧਣੋਂ ਰੋਕਿਆ ਜਾ ਸਕਦਾ ਹੈ | ਤੇਲ ਡੀਲਰ ਆਗੂ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਕਣਕ ਦੀ ਕਟਾਈ ਅਗਲੇ ਮਹੀਨੇ ਹੋਣੀ ਹੈ ਪਰ ਕਿਸਾਨਾਂ ਵਿਚ ਇਸ ਨੂੰ ਲੈ ਕੇ ਘਬਰਾਹਟ ਹੈ ਕਿ ਤੇਲ ਮਹਿੰਗਾ ਹੋ ਸਕਦਾ ਜਾਂ ਫਿਰ ਤੇਲ ਦੀ ਕਮੀ ਹੋਵੇਗੀ | ਇਸ ਕਰਕੇ ਕਈ ਲੋਕਾਂ ਵਲੋਂ ਡੀਜ਼ਲ ਦੀ ਜ਼ਿਆਦਾ ਮਾਤਰਾ ਵਿਚ ਖ਼ਰੀਦ ਕੀਤੀ ਜਾ ਰਹੀ ਹੈ | ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਜ਼ਿਆਦਾ ਤੇਲ ਖ਼ਰੀਦ ਕਰਕੇ ਵੀ ਭੰਡਾਰ ਕਰਨ ਨਾਲ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ |