ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-327ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿ ਭੇਜੇ ਜਾਣ ਵਾਲੇ ਜਥੇ ਦੀਆਂ ਦੋ ਵੱਖ-ਵੱਖ ਤਰੀਕਾਂ ਨੂੰ ਲੈ ਕੇ ਭੁਲੇਖਾ ਖੜ੍ਹਾ ਹੋ ਗਿਆ ਹੈ | ਇਸ ਬਾਰੇ 'ਚ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਇਕ ਅਧਿਕਾਰੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਲੋਂ ਭਾਰਤੀ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਅੰਡਰ ਸੈਕਟਰੀ ਨੂੰ ਪੱਤਰ ਲਿਖ ਕੇ ਦੋ ਤਰੀਕਾਂ ਦਾ ਭੰਬਲਭੂਸਾ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਈ. ਟੀ. ਪੀ. ਬੀ. ਵਲੋਂ ਜਥੇ ਦੇ ਜਾਰੀ ਕੀਤੇ ਯਾਤਰਾ ਸ਼ਡਿਊਲ ਮੁਤਾਬਿਕ ਯਾਤਰੂਆਂ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾਵੇਗਾ | ਜਿਸ ਮੁਤਾਬਿਕ 10 ਅਪ੍ਰੈਲ ਨੂੰ ਭਾਰਤੀ ਯਾਤਰੂਆਂ ਦੇ ਅਟਾਰੀ ਸਰਹੱਦ ਰਾਹੀਂ ਸੜਕ ਰਸਤੇ ਪੈਦਲ ਵਾਹਗਾ ਪਹੁੰਚਣ 'ਤੇ ਉੱਥੋਂ ਯਾਤਰੂਆਂ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ | 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਰਨਾ ਗੁਰਦੁਆਰਿਆਂ ਦੇ ਦਰਸ਼ਨ ਕਰਨ ਬਾਅਦ ਯਾਤਰੂ 19 ਅਪ੍ਰੈਲ ਨੂੰ ਭਾਰਤ ਰਵਾਨਾ ਹੋਣਗੇ | ਜਦਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਪੱਤਰ 'ਚ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਵਲੋਂ ਪਾਕਿ ਜਾਣ ਵਾਲੇ ਜਥੇ ਲਈ 12 ਤੋਂ 21 ਅਪ੍ਰੈਲ ਤੱਕ ਦਾ ਯਾਤਰਾ ਸ਼ਡਿਊਲ ਜਾਰੀ ਕੀਤਾ ਗਿਆ ਹੈ |