ਤਪਾ ਮੰਡੀ/ਰਾਮਪੁਰਾ ਫੂਲ 9 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ, ਹੇਮੰਮਤ ਕੁਮਾਰ ਸ਼ਰਮਾ)-ਨਜ਼ਦੀਕੀ ਪਿੰਡ ਤਾਜੋਕੇ ਵਿਖੇ ਦਿਨ ਚੜ੍ਹਦੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਵਾਪਰੇ ਭਿਆਨਕ ਸੜਕੀ ਹਾਦਸੇ ਕਾਰਨ ਤਿੰਨ ਸਾਲਾਂ ਦੀ ਬੱਚੀ ਸਮੇਤ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਤਾਜੋਕੇ ਦਾ ਗ੍ਰੰਥੀ ਇੰਦਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਤਿੰਨ ਸਾਲਾਂ ਬੱਚੀ ਅਮਾਨਤ ਕੌਰ ਨੂੰ ਦਵਾਈ ਦਿਵਾਉਣ ਲਈ ਰਾਮਪੁਰਾ ਵੱਲ ਜਾ ਰਹੇ ਸਨ | ਜਦੋਂ ਉਹ ਜੇਠੂਕੇ ਡਰੇਨ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੀ ਇੱਕ ਬਰੀਜ਼ਾ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਕਾਫ਼ੀ ਦੂਰ ਜਾ ਕੇ ਡਿੱਗੇ, ਜਿਸ ਕਾਰਨ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਬੱਚੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਨੂੰ ਤੁਰੰਤ ਚੁੱਕ ਕੇ ਰਾਮਪੁਰਾ ਹਸਪਤਾਲ ਵਿਖੇ ਲਿਆਂਦਾ | ਜਿੱਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਗੰਭੀਰ ਦੇਖਦੇ ਹੋਏ ਬਠਿੰਡਾ ਰੈਫ਼ਰ ਕਰ ਦਿੱਤਾ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਨਿੱਕੀ ਜਿਹੀ ਬੱਚੀ ਵੀ ਦਮ ਤੋੜ ਗਈ | ਪਤਾ ਲੱਗਾ ਹੈ ਕਿ ਕਾਰ ਸਵਾਰ ਬਠਿੰਡਾ ਸਾਈਡ ਵੱਲ ਸਸਕਾਰ 'ਤੇ ਜਾ ਰਹੇ ਸਨ, ਜੋ ਹਾਦਸੇ ਤੋਂ ਬਾਅਦ ਉਹ ਆਪਣੀ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਭਿਆਨਕ ਸੜਕ ਹਾਦਸੇ ਨੇ ਉਜਾੜਿਆ ਘਰ-ਤਿੰਨ ਸਾਲਾਂ ਦੀ ਬੱਚੀ ਸਮੇਤ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਅਜੀਤ ਡੈਸਕ
10-03-2026