ਚੰਡੀਗੜ੍ਹ, 11 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੀਆਂ ਔਰਤਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈਕੇ ਉਹ ਤੁਰੰਤ ਮੁਆਫ਼ੀ ਮੰਗਣ ਨਹੀਂ ਤਾਂ ਉਹ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਜਾਣਗੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਮਾਨ ਔਰਤਾਂ ਪ੍ਰਤੀ ਆਪਣੀ ਸ਼ਰਮਨਾਕ ਟਿੱਪਣੀ ਲਈ ਮੁਆਫ਼ੀ ਨਹੀਂ ਮੰਗਦੇ ਉਹ ਚਾਹੇ ਵਿਧਾਨ ਸਭਾ ਦੇ ਅੰਦਰ ਹੋਣ ਜਾਂ ਬਾਹਰ, ਪੰਜਾਬ ਵਿਚ ਜਾ ਕੇ ਵੀ ਇਹ ਮੁੱਦਾ ਚੁੱਕਣਗੇ | ਉਨ੍ਹਾਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਬੀਬੀ ਮਜੀਠੀਆ ਨੇ ਕਿਹਾ ਕਿ ਮੈਂ ਉਸ ਬਿਆਨ ਦੇ ਹੱਕ 'ਚ ਨਹੀਂ ਹਾਂ, ਉਨ੍ਹਾਂ ਨੂੰ ਸਦਨ 'ਚ ਬੋਲਣ ਦਾ ਅਤੇ ਆਪਣੀ ਗੱਲ ਰੱਖਣ ਦਾ ਮੌਕਾ ਜਰੂਰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਨਤੀਜੇ 'ਤੇ ਪਹੁੰਚਛ ਤੋਂ ਪਹਿਲਾਂ ਹਰ ਵਿਅਕਤੀ ਨੂੰ ਸੁਣਨਾ ਲਾਜ਼ਮੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਜਿਨ੍ਹਾਂ ਵਲੋਂ ਆਪਣੇ ਕਾਲਜ ਦਾ ਕਿੱਸਾ ਸੁਣਾਉਂਦੇ ਹੋਏ ਔਰਤਾਂ ਨੂੰ ਅਪਮਾਨਿਤ ਕੀਤਾ ਗਿਆ, ਉਨ੍ਹਾਂ ਖਿਲਾਫ਼ ਵੀ ਸਦਨ 'ਚ ਨਿੰਦਾ ਮਤਾ ਲੈ ਕੇ ਆਉਣਾ ਚਾਹੀਦਾ ਹੈ | ਬੀਬੀ ਮਜੀਠੀਆ ਨੇ ਕਿਹਾ ਕਿ ਔਰਤਾਂ ਖਿਲਾਫ ਇਸ ਤਰ੍ਹਾਂ ਦੀਆਂ ਟਿੱਪਣੀਆਂ ਚਾਹੇ ਕਿਸੇ ਵਲੋਂ ਵੀ ਕੀਤੀਆਂ ਗਈਆਂ, ਉਹ ਗਲਤ ਹੈ, ਉਸਦਾ ਵਿਰੋਧ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਕੌਮੀ ਮਹਿਲਾ ਕਮਿਸ਼ਨ ਕੋਲ ਮੁੱਖ ਮੰਤਰੀ ਦੀ ਟਿੱਪਣੀ ਦੇ ਇਲਾਵਾ, ਆਂਗਣਵਾੜੀ ਵਰਕਰਾਂ 'ਤੇ ਕੀਤੇ ਪੁਲਸੀਆ ਤਸ਼ਦੱਦ ਅਤੇ ਇਕ ਕਥਿਤ ਫ਼ਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਇਕ ਮਾਂ ਦੇ ਇਕਲੌਤੇ ਪੁੱਤਰ ਨੂੰ ਮਾਰਨ ਦਾ ਮਾਮਲਾ ਵੀ ਚੁੱਕਣਗੇ |