ਸੰਗਰੂਰ, 11 ਮਾਰਚ (ਸੁਖਵਿੰਦਰ ਸਿੰਘ ਫੁੱਲ, ਚੌਧਰੀ ਨੰਦ ਲਾਲ ਗਾਂਧੀ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਵਿਚ 2 ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕਾਇਮ ਰਹਿੰਦਾ ਹੈ | ਇੱਕ ਉਹ ਜਿਨ੍ਹਾਂ ਨੇ ਆਪਣੀ ਜਥੇਬੰਦੀ ਦੇ ਹਿਤਾਂ ਲਈ ਕੁਝ ਕੀਤਾ ਹੋਵੇ ਅਤੇ ਦੂਸਰੇ ਉਹ ਜੋ ਆਪਣੀ ਜਥੇਬੰਦੀ ਦੇ ਪਤਨ ਲਈ ਜ਼ਿੰਮੇਵਾਰ ਹੋਣ | ਉਹ ਅੱਜ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਮੌਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਚ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅੱਜ ਸਥਿਤੀ ਇਹ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ-ਨਾਲ ਸ਼ੋ੍ਰਮਣੀ ਕਮੇਟੀ ਦਾ ਵੀ ਨਾਸ ਮਾਰਿਆ ਜਾ ਰਿਹਾ ਹੈ | ਇਸ ਸਥਿਤੀ ਨੂੰ ਵੇਖ ਕੇ ਸੁਖਦੇਵ ਸਿੰਘ ਢੀਂਡਸਾ ਵਰਗੀਆਂ ਸ਼ਖ਼ਸੀਅਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਪ੍ਰਵਾਨ ਕਰਕੇ ਇਸ ਗਰੁੱਪ ਤੋਂ ਵੱਖ ਹੋ ਗਈਆਂ ਤਾਂ ਜੋ ਅਕਾਲੀ ਦਲ ਅਤੇ ਪੰਥ ਦੇ ਹਿਤਾਂ ਦੀ ਰਾਖੀ ਹੋ ਸਕੇ | ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕਿਹਾ ਕਿ ਜਿਨ੍ਹਾਂ ਨੂੰ ਭਗੌੜਾ ਦਲ ਪ੍ਰਵਾਨ ਹੈ ਉਹ ਬੇਸ਼ੱਕ ਉਨ੍ਹਾਂ ਪਾਸ ਚਲੇ ਜਾਣ, ਕੋਈ ਪ੍ਰਵਾਹ ਨਹੀਂ ਪਰ ਲਿਖੇ ਜਾਣ ਵਾਲੇ ਇਤਿਹਾਸ ਨੇ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਾ | ਹਜ਼ਾਰਾਂ ਦੀ ਗਿਣਤੀ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਢੀਂਡਸਾ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ | ਉਹ ਪੰਥ ਅਤੇ ਪੰਜਾਬ ਦੇ ਹਿਤਾਂ ਲਈ ਹਕੂਮਤਾਂ ਨਾਲ ਟੱਕਰ ਲੈਂਦੇ ਰਹੇ | ਗੁਰਪ੍ਰਤਾਪ ਸਿੰਘ ਵਡਾਲਾ ਨੇ ਢੀਂਡਸਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਆਖ਼ਰੀ ਦਮ ਤੱਕ ਇਹੋ ਸੋਚ ਰਹੀ ਕਿ ਅਕਾਲੀ ਦਲ ਮਜ਼ਬੂਤ ਹੋਵੇ ਅਤੇ ਸਹੀ ਲੀਡਰਸ਼ਿਪ ਮਿਲੇ | ਭਾਰਤੀ ਜਨਤਾ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਨੇ ਢੀਂਡਸਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਿੰਡ ਦੀ ਰਾਜਨੀਤੀ ਤੋਂ ਸਿਆਸੀ ਜੀਵਨ ਸ਼ੁਰੂ ਕਰ ਕੇ ਕੌਮੀ ਪੱਧਰ ਤੱਕ ਮਕਬੂਲੀਅਤ ਹਾਸਲ ਕੀਤੀ | ਸ੍ਰੀ ਸਿੰਗਲਾ ਨੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦਾ ਨਾਮ ਚਮਕਾ ਰਹੇ ਹਨ | ਬਰਸੀ ਸਮਾਗਮ ਨੂੰ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਇੰਦਰਜੀਤ ਸਿੰਘ ਬੱਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਆਗੂ ਅਰਵਿੰਦ ਖੰਨਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਸਵਿੰਦਰ ਸਿੰਘ ਪਿ੍ੰਸ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਭਾਜਪਾ ਆਗੂ ਜਤਿੰਦਰ ਕਾਲੜਾ, ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ, ਅਮਨਦੀਪ ਸਿੰਘ ਪੂਨੀਆ, ਓਾਕਾਰ ਸਿੰਘ ਧੂਰੀ, ਸਰਜੀਵਨ ਜਿੰਦਲ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਭਾਜਪਾ, ਰਣਬੀਰ ਸਿੰਘ ਦਿਉਲ, ਕਮਲ ਆਨੰਦ ਐਡਵੋਕੇਟ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਜਸਵਿੰਦਰ ਸਿੰਘ ਖਾਲਸਾ, ਡਾ. ਤਰਸੇਮ ਲਾਲ ਜ਼ੀਰਕਪੁਰ, ਏ.ਪੀ. ਸਿੰਘ ਬਾਬਾ, ਕੇਵਲ ਸਿੰਘ ਤੂਰ, ਮੋਹਨ ਸ਼ਰਮਾ, ਰਣਧੀਰ ਸਿੰਘ ਰੱਖੜਾ, ਕੰਵਲਜੀਤ ਸਿੰਘ ਸੰਧੂ, ਜਗਜੀਤ ਸਿੰਘ ਕੋਹਲੀ, ਗਗਨਜੀਤ ਸਿੰਘ ਬਰਨਾਲਾ, ਸਾਬਕਾ ਜਸਟਿਸ ਨਿਰਮਲ ਸਿੰਘ, ਪਰਮਜੀਤ ਕੌਰ ਗੁਲਸ਼ਨ, ਸਾਬਕਾ ਮੰਤਰੀ ਜਗਜੀਤ ਸਿੰਘ ਨਕੀਈ, ਨਾਹਰ ਸਿੰਘ ਪਟਿਆਲਾ, ਸੁਖਵੰਤ ਸਿੰਘ ਸਰਾਓ, ਗੁਰਬਚਨ ਸਿੰਘ ਬਚੀ, ਅਜੈਪਾਲ ਸਿੰਘ ਮੀਰਾਕੋਟ, ਰਣਬੀਰ ਸਿੰਘ ਖੱਟੜਾ ਸਾਬਕਾ ਆਈ.ਜੀ., ਜਥੇਦਾਰ ਹਰਪ੍ਰੀਤ ਸਿੰਘ ਬਿੰਨੀ ਦਿੱਲੀ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਡਾ. ਭੁਪਿੰਦਰ ਸਿੰਘ ਪੂਨੀਆ, ਹਰਜਿੰਦਰ ਸਿੰਘ ਧਾਲੀਵਾਲ ਕੈਨੇਡਾ, ਸਾਬਕਾ ਮੰਤਰੀ ਅਬਦੁਲ ਗੁਫਾਰ, ਅਮਨਵੀਰ ਸਿੰਘ ਚੈਰੀ, ਬਰਿੰਦਰਪਾਲ ਸਿੰਘ ਟੀਟੂ, ਹਰਪ੍ਰੀਤ ਸਿੰਘ ਢੀਂਡਸਾ ਅਤੇ ਜਥੇਦਾਰ ਗੁਰਜੀਵਨ ਸਿੰਘ ਸਰੌਦ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |