ਚੰਡੀਗੜ੍ਹ, 12 ਮਾਰਚ (ਸੁਖਵਿੰਦਰ ਸਿੰਘ ਸ਼ਾਨ)-ਪੱਛਮੀ ਖੇਤਰ ਵਿਚ ਮੌਸਮੀ ਗੜਬੜੀ ਦੇ ਚੱਲਦਿਆਂ ਅੱਜ ਪੰਜਾਬ ਦੇ ਮਾਝਾ ਖੇਤਰ ਵਿਚ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲਦੀਆਂ | ਜਿਸ ਨਾਲ ਮਾਝਾ ਖੇਤਰ ਦੇ ਨਾਲ ਨਾਲ ਦੁਆਬਾ ਅਤੇ ਪੁਆਧ ਖੇਤਰ ਦੇ ਕੁੱਝ ਇਲਾਕਿਆਂ ਦੇ ਤਾਪਮਾਨ ਵਿਚ ਕਮੀ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਤੇਜ਼ ਤੋਂ ਕੁੱਝ ਰਾਹਤ ਮਿਲੀ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਵੇਲੇ ਮਾਝਾ ਖੇਤਰ ਦੇ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਜ਼ਿਲਿ੍ਹਆਂ ਵਿਚ ਮੀਂਹ ਪਿਆ, ਜਿਸ ਨਾਲ ਮੌਸਮ ਸੁਹਾਵਣਾ ਬਣ ਗਿਆ | ਜਦੋਂ ਕਿ ਮਗਰਲੇ ਦਿਨਾਂ ਦੌਰਾਨ ਮੀਂਹ ਨਾ ਪੈਣ ਕਾਰਨ ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਅਤੇ ਫ਼ਸਲਾਂ ਨੂੰ ਗਰਮੀ ਕਾਫ਼ੀ ਪ੍ਰਭਾਵਿਤ ਕੀਤਾ ਸੀ | ਅੱਜ ਬਰਸੇ ਮੀਂਹ ਅਨੁਸਾਰ ਅੰਮਿ੍ਤਸਰ ਵਿਚ 7.6 ਮਿਲੀ ਮੀਟਰ ਮੀਂਹ ਪਿਆ, ਜਦੋਂ ਕਿ ਆਲੀਵਾਲ 'ਚ 6 ਮਿ.ਮੀ, ਧਾਰੀਵਾਲ 'ਚ 5 ਮਿ.ਮੀ, ਗੁਰਦਾਸਪੁਰ 'ਚ 3 ਮਿ.ਮੀ ਅਤੇ ਪਠਾਨਕੋਟ ਵਿਚ 1.5 ਮਿ.ਮੀ ਮੀਂਹ ਬਰਸਿਆ | ਮੀਂਹ ਪੈਣ ਕਾਰਨ ਅੰਮਿ੍ਤਸਰ ਵਿਚ ਦਿਨ ਦੇ ਤਾਪਮਾਨ 'ਚ 1.8 ਡਿਗਰੀ ਦੀ ਕਮੀ ਹੋਈ ਅਤੇ ਤਾਪਮਾਨ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪੰਜਾਬ ਵਿਚ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਸ੍ਰੀ ਆਨੰਦਪੁਰ ਸਾਹਿਬ ਅਤੇ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 33.6 ਡਿਗਰੀ ਸੈਲਸੀਅਸ ਰਿਹਾ, ਜਿਸ ਵਿਚ 1.3 ਡਿਗਰੀ ਦੀ ਕਮੀ ਰਹੀ | ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 13 ਮਾਰਚ ਨੂੰ ਸੂਬੇ ਵਿਚ ਮੌਸਮ ਖ਼ੁਸ਼ਕ ਰਹੇਗਾ, ਪਰ 14 ਮਾਰਚ ਤੋਂ ਅਗਲੇ ਦਿਨਾਂ ਦੌਰਾਨ ਬੱਦਲਾਂ ਗਰਜ, ਚਮਕ ਨਾਲ ਕਿਣਮਣ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ |