ਚੰਡੀਗੜ੍ਹ, 12 ਮਾਰਚ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਲੋਕਾਂ ਨਾਲ ਸੰਬੰਧਿਤ ਅਸਲ ਮੁੱਦਿਆਂ 'ਤੇ ਚਰਚਾ ਕਰਨ ਦੀ ਬਜਾਏ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਇਹ ਲੱਗਦਾ ਹੈ ਕਿ ਦੋਵੇਂ ਪਾਰਟੀਆਂ ਵਿਚਕਾਰ ਅੰਦਰੂਨੀ ਸਮਝੌਤਾ ਹੈ, ਜਿਸ ਕਾਰਨ ਵਿਧਾਨ ਸਭਾ 'ਚ ਲੋਕ ਮੁੱਦਿਆਂ ਨੂੰ ਉਠਾਉਣ ਦੀ ਬਜਾਏ ਸਿਰਫ਼ ਸਿਆਸੀ ਡਰਾਮੇਬਾਜ਼ੀ ਹੋ ਰਹੀ ਹੈ | ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਤੋਂ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਜਵਾਬ ਮੰਗਣ ਦੀ ਬਜਾਏ ਵਾਕਆਊਟ ਕਰਦੀ ਰਹਿੰਦੀ ਹੈ, ਜਦਕਿ ਸੱਤਾ ਧਿਰ ਵਲੋਂ ਅਜਿਹੇ ਮਤੇ ਪਾਸ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ | ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨੂੰ ਯਾਦ ਦਿਵਾਇਆ ਕਿ ਜੁਲਾਈ 2025 ਦੇ ਸੈਸ਼ਨ ਦੌਰਾਨ ਧਾਰਮਿਕ ਬੇਅਦਬੀ ਸਬੰਧੀ ਕਾਨੂੰਨ ਬਣਾਉਣ ਲਈ ਖ਼ਾਸ ਸੈਸ਼ਨ ਬੁਲਾਇਆ ਗਿਆ ਸੀ, ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਉਸ ਕਾਨੂੰਨ ਦੇ ਖਰੜੇ ਨੂੰ ਮਨਜ਼ੂਰੀ ਨਹੀਂ ਦੇ ਸਕੀ |
ਵਿਰੋਧੀ ਧਿਰ ਦੀ ਵਾਕਆਊਟ ਰਾਜਨੀਤੀ ਸੱਤਾ ਧਿਰ ਨੂੰ ਪਹੁੰਚਾ ਰਹੀ ਫ਼ਾਇਦਾ-ਜਾਖੜ
ਅਜੀਤ ਡੈਸਕ
13-03-2026