ਐੱਸ. ਏ. ਐੱਸ. ਨਗਰ, 12 ਮਾਰਚ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਆਪਣੀ ਉਦਯੋਗਿਕ ਤਰੱਕੀ 'ਚ ਫ਼ੈਸਲਾਕੁੰਨ ਬਦਲਾਅ ਦੇਖ ਰਿਹਾ ਹੈ ਤੇ 2022 ਤੋਂ ਪਹਿਲਾਂ ਵਾਲੀ ਲੁੱਟ-ਖਸੁੱਟ ਤੋਂ ਬਾਅਦ ਹੁਣ ਵਿਸ਼ਵ-ਵਿਆਪੀ ਨਿਵੇਸ਼ਕ ਸੂਬੇ 'ਚ ਵਾਪਸ ਪਰਤ ਰਹੇ ਹਨ | ਮੁੱਖ ਮੰਤਰੀ ਮੁਹਾਲੀ ਵਿਖੇ ਇਨਫੋਸਿਸ ਦੇ 286 ਕਰੋੜ ਰੁ. ਦੇ ਲਾਗਤ ਵਾਲੇ ਕੈਂਪਸ ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 2700 ਨੌਜਵਾਨਾਂ ਲਈ ਰੁਜ਼ਗਾਰ ਦੇ ਸਿੱਧੇ ਮੌਕੇ ਅਤੇ ਹਜ਼ਾਰਾਂ ਹੋਰਨਾਂ ਲੋਕਾਂ ਲਈ ਰੁਜ਼ਗਾਰ ਦੇ ਅਸਿੱਧੇ ਮੌਕੇ ਪੈਦਾ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਰਚ 2022 ਤੋਂ ਲੈ ਕੇ ਹੁਣ ਤੱਕ 1.55 ਲੱਖ ਕਰੋੜ ਰੁ. ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪਹਿਲਾਂ ਹੀ ਪ੍ਰਾਪਤ ਕਰ ਚੁੱਕੀ ਹੈ, ਜਿਸ ਨਾਲ 5.44 ਲੱਖ ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ | ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ 13 ਤੋਂ 15 ਮਾਰਚ ਤੱਕ ਹੋਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਸੂਬੇ ਦੀ ਉਦਯੋਗਿਕ ਤਰੱਕੀ ਲਈ ਯਾਦਗਾਰੀ ਪਲ ਹੋਵੇਗਾ ਅਤੇ ਅਗਲੇ ਤਿੰਨ ਦਿਨ ਪੰਜਾਬ ਦੇ ਆਰਥਿਕ ਵਿਕਾਸ ਲਈ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ | ਇਸੇ ਦੌਰਾਨ ਸੂਚਨਾ ਤਕਨਾਲੋਜੀ 'ਚ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ 'ਚ ਵਿਸ਼ਵਾਸ ਪ੍ਰਗਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੇਸ਼ ਦੀ ਆਰਥਿਕ ਤਰੱਕੀ 'ਚ ਇਨਫੋਸਿਸ ਦੇ ਬਾਨੀ ਐੱਨ. ਆਰ. ਨਾਰਾਇਣ ਮੂਰਤੀ ਦੇ ਅਥਾਹ ਯੋਗਦਾਨ ਨੂੰ ਵੀ ਯਾਦ ਕੀਤਾ | ਉਨ੍ਹਾਂ ਦੱਸਿਆ ਕਿ ਕੈਂਪਸ 'ਚ 3.50 ਲੱਖ ਵਰਗ ਫੁੱਟ ਦਾ ਰਕਬਾ ਨਿਰਮਾਣ ਅਧੀਨ ਹੋਵੇਗਾ, ਜਿਸ 'ਚ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ ਰਾਈਟ ਟੂ ਬਿਜਨੈੱਸ ਐਕਟ ਪਾਸ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਸਮੇਤ ਇਨਫੋਸਿਸ ਦੇ ਅਧਿਕਾਰੀ ਵੀ ਹਾਜ਼ਰ ਸਨ |
ਮੁੱਖ ਮੰਤਰੀ ਨੇ ਮੁਹਾਲੀ ਵਿਖੇ 286 ਕਰੋੜ ਰੁ. ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨਫੋਸਿਸ ਦੇ ਕੈਂਪਸ ਦਾ ਰੱਖਿਆ ਨੀਂਹ ਪੱਥਰ
ਅਜੀਤ ਡੈਸਕ
13-03-2026