ਪਟਿਆਲਾ, 12 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੱਛਮੀ ਏਸ਼ੀਆ ਵਿਚ ਚੱਲਦੀ ਜੰਗ ਦੇ ਪ੍ਰਭਾਵ ਕਾਰਨ ਭਾਰਤ ਵਿਚ ਵੀ ਗੈਸ ਸਿਲੰਡਰਾਂ ਦੀ ਕਿੱਲਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਹਿਲਾਂ ਜਿਥੇ ਘਰ ਦੀਆਂ ਰਸੋਈਆਂ, ਹੋਟਲਾਂ ਤੋਂ ਲੈ ਕੇ ਖਾਣ ਪੀਣ ਵਾਲੀਆਂ ਰੇਹੜੀਆਂ 'ਤੇ ਘਰੇਲੂ/ਵਪਾਰਕ ਸਿਲੰਡਰ ਦੀ ਵਰਤੋਂ ਆਮ ਦਿਖਾਈ ਦੇ ਰਹੀ ਸੀ ਹੁਣ ਗੈਸ ਏਜੰਸੀਆਂ ਵਲੋਂ ਇਕ ਮਹੀਨੇ ਵਿਚ ਇਕ ਸਿਲੰਡਰ ਦੀ ਸ਼ਰਤ ਕਾਰਨ ਵੱਡੇ ਪੱਧਰ 'ਤੇ ਇਸਦਾ ਪ੍ਰਭਾਵ ਘਟਦਾ ਨਜ਼ਰ ਆ ਰਿਹਾ ਹੈ। ਗੈਸ ਸਿਲੰਡਰਾਂ ਦੀ ਘਾਟ ਕਾਰਨ ਬੀਤੇ ਕੁਝ ਦਿਨਾਂ ਵਿਚ ਹੀ ਲੋਕਾਂ ਵਲੋਂ ਗੈਸ ਸਿਲੰਡਰ ਦੇ ਬਦਲਵੇਂ ਰੂਪ ਵਿਚ ਇੰਡਕਸ਼ਨ (ਬਿਜਲਈ ਚੁੱਲ੍ਹਾ), ਹਾਟ ਪਲੇਟ ਲੈਣ ਲਈ ਦੁਕਾਨਾਂ 'ਤੇ ਪਹੁੰਚ ਕੀਤੀ ਜਾ ਰਹੀ ਹੈ। ਪਿੰਡਾਂ/ਸ਼ਹਿਰਾਂ ਵਿਚ ਵੀ ਗੈਸ ਸਿਲੰਡਰਾਂ ਦੀ ਵਰਤੋਂ ਹੁਣ ਕੇਵਲ ਨਾ ਸਰਨ ਵਾਲੇ ਕਾਰਜ ਲਈ ਕੀਤੀ ਜਾ ਰਹੀ ਹੈ ਤੇ ਪਿੰਡਾਂ ਵਿਚ ਮਿੱਟੀ ਦੇ ਚੁੱਲ੍ਹਿਆਂ ਅਤੇ ਸ਼ਹਿਰਾਂ ਵਿਚ ਕੋਲੇ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਵਿਚ ਤੇਜ਼ੀ ਫੜ ਰਹੀ ਹੈ। ਵਿਆਹਾਂ ਵਿਚ ਜਿਥੇ ਪਹਿਲਾਂ ਆਮ ਗੈਸ ਸਿਲੰਡਰ ਦੀ ਵਰਤੋਂ ਧੜਾਧੜ ਹੁੰਦੀ ਸੀ ਹੁਣ ਵਿਆਹਾਂ ਵਾਲੇ ਘਰਾਂ ਨੂੰ ਗੈਸ ਸਿਲੰਡਰ ਦੇ ਬਦਲ ਦੇ ਰੂਪ ਵਿਚ ਹੱਥ ਪੈਰ ਮਾਰਨੇ ਪੈ ਰਹੇ ਹਨ। ਸੂਬੇ ਭਰ ਵਿਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਲੱਗਦੀਆਂ ਰੇਹੜੀਆਂ 'ਤੇ ਜਿਥੇ ਘਰੇਲੂ ਸਿਲੰਡਰ ਦੀ ਵਰਤੋਂ 'ਤੇ ਸਵਾਲ ਨਹੀਂ ਉਠਦੇ ਸਨ ਹੁਣ ਲੋਕਾਂ ਵਲੋਂ ਸਿਲੰਡਰਾਂ ਦੀ ਘਾਟ ਉਤਪੰਨ ਹੋਣ ਕਾਰਨ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਡੇ ਪੱਧਰ 'ਤੇ ਘਰੇਲੂ ਔਰਤਾਂ ਵਲੋਂ ਰਸੋਈ ਚਲਾ ਕੇ ਟਿਫ਼ਨ ਸਰਵਿਸ ਵਰਗੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਹੁਣ ਸਿਲੰਡਰ ਦੀ ਘਾਟ ਕਾਰਨ ਉਹ ਵੀ ਪ੍ਰਭਾਵਿਤ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਜੰਗ ਦਾ ਅਸਰ-ਇੰਡਕਸ਼ਨ ਚੁੱਲ੍ਹਿਆਂ ਦੀ ਵਧੀ ਵਿਕਰੀ-ਪੰਜਾਬ ਵਿਚ 10 ਹਜ਼ਾਰ ਵਿਆਹ ਹੋਣਗੇ ਪ੍ਰਭਾਵਿਤ
ਅਜੀਤ ਡੈਸਕ
13-03-2026