ਨੰਗਲ, 12 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ (ਐਨ.ਐਫ.ਐਲ.) ਨਵਾਂ ਨੰਗਲ ਇਕਾਈ ਵਿਚ ਨੈਚੁਰਲ ਗੈਸ ਦੀ ਸਪਲਾਈ ਵਿਚ 40 ਫ਼ੀਸਦੀ ਤੱਕ ਦੀ ਕਟੌਤੀ ਕੀਤੇ ਜਾਣ ਤੋਂ ਮਗਰੋਂ ਯੂਰੀਆ ਉਤਪਾਦਨ ਠੱਪ ਹੋ ਗਿਆ ਹੈ | ਆਲਾ ਮਿਆਰੀ ਸੂਤਰਾਂ ਨੇ ਦੱਸਿਆ ਕਿ ਗੈਸ ਦੀ ਸਪਲਾਈ ਵਿਚ ਕਟੌਤੀ ਕਾਰਨ ਨੰਗਲ ਪਲਾਂਟ ਦੇ ਅਧਿਕਾਰੀਆਂ ਨੇ ਮੁਰੰਮਤ ਅਤੇ ਰੱਖ-ਰਖਾਅ ਲਈ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ | ਆਮ ਤੌਰ 'ਤੇ ਪਲਾਂਟ ਉਤਪਾਦਨ ਦੇ ਟੀਚੇ ਪੂਰੇ ਕਰਨ ਤੋਂ ਬਾਅਦ ਅਪ੍ਰੈਲ ਵਿਚ ਬੰਦ ਹੁੰਦਾ ਹੈ, ਪਰ ਇਸ ਸਾਲ ਗੈਸ ਦੀ ਘਾਟ ਕਾਰਨ ਮੈਨੇਜਮੈਂਟ ਵਲੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਦਾ ਕਹਿਣਾ ਹੈ ਕਿ ਯੂਰੀਆ ਪਲਾਂਟ ਦੇ ਬੰਦ ਹੋਣ ਨਾਲ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਯੂਰੀਆ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ | ਐਨ.ਐਫ.ਐਲ. ਨੰਗਲ ਇਕਾਈ ਦੀ ਮਾਨਤਾ ਪ੍ਰਾਪਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਔਜਲਾ ਨੇ ਕਿਹਾ ਕਿ ਇਸ ਸਬੰਧੀ ਫਰਟੀਲਾਈਜ਼ਰਸ ਮਿਨਿਸਟਰੀ ਨੂੰ ਵੀ ਅਤੇ ਐਨ.ਐਫ.ਐਲ. ਦੇ ਉੱਚ ਅਧਿਕਾਰੀਆਂ ਨੂੰ ਵੀ ਜਥੇਬੰਦੀ ਵਲੋਂ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਮੰਗ ਮੰਗ ਕੀਤੀ ਗਈ ਕਿ ਪਲਾਂਟ ਨੂੰ ਹਰ ਹੀਲੇ ਚੱਲਦਾ ਰੱਖਿਆ ਜਾਵੇ ਤੇ ਜਿੰਨਾ ਸਮਾਂ ਇਹ ਪਲਾਂਟ ਬੰਦ ਰਹੇਗਾ, ਉਸ ਦੌਰਾਨ ਐਨ.ਐਫ.ਐਲ. ਨੰਗਲ ਇਕਾਈ ਨੂੰ ਹੋਣ ਵਾਲੇ ਆਰਥਿਕ ਘਾਟੇ ਦਾ ਬੋਝ ਕੇਂਦਰ ਸਰਕਾਰ ਖੁਦ ਸਾਂਭੇ ਨਾ ਕਿ ਐਨ.ਐਫ.ਐਲ. ਦੇ ਮੁਲਾਜ਼ਮਾਂ ਉੱਤੇ ਪਾਇਆ ਜਾਵੇ |