ਅਮਲੋਹ, 12 ਮਾਰਚ (ਹਰਪ੍ਰੀਤ ਸਿੰਘ ਗਿੱਲ)-ਈਰਾਨ-ਇਜ਼ਰਾਈਲ ਤੇ ਅਮਰੀਕਾ ਵਿਚ ਚੱਲ ਰਹੇ ਯੁੱਧ ਦਾ ਸੇਕ ਭਾਰਤ ਦੀ ਅਰਥਵਿਵਸਥਾ 'ਤੇ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲਾਲ ਸਾਗਰ ਦੇ ਵਪਾਰਕ ਰੂਟਾਂ 'ਤੇ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਕਾਰਨ ਉਡਾਣਾਂ ਤੇ ਸਮੁੰਦਰੀ ਰਸਤੇ ਬੰਦ ਹੋਣ ਨਾਲ ਨਾ ਸਿਰਫ਼ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਆ ਰਹੀ ਹੈ | ਸਗੋਂ ਤਾਜ਼ਾ ਰਿਪੋਰਟਾਂ ਮੁਤਾਬਿਕ ਖਾੜੀ ਦੇਸ਼ ਨੂੰ ਅਨਾਜ, ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲਾਂ ਦਾ ਹੋਣ ਵਾਲਾ ਨਿਰਯਾਤ ਰੁਕਣ ਕਾਰਨ ਇਸਦਾ ਸਿੱਧਾ ਮਾਰੂ ਅਸਰ ਘਰੇਲੂ ਬਾਜ਼ਾਰ ਤੇ ਪੈਣਾ ਸ਼ੁਰੂ ਹੋ ਗਿਆ ਹੈ | 2025 ਵਿਚ ਭਾਰਤ ਨੇ ਖੇਤੀਬਾੜੀ ਉਤਪਾਦਾਂ ਦਾ ਪੱਛਮੀ ਏਸ਼ੀਆ ਨੂੰ ਲਗਪਗ 11.8 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਿਸ 'ਚ ਤਾਜ਼ੇ ਫਲਾਂ ਤੇ ਸਬਜ਼ੀਆਂ ਦਾ ਲਗਪਗ 1.8 ਬਿਲੀਅਨ ਡਾਲਰ ਤੋਂ ਵੱਧ ਦਾ ਨਿਰਯਾਤ ਹੋਇਆ ਸੀ | ਭਾਰਤ ਨੇ 2025 ਵਿਚ ਪੱਛਮੀ ਏਸ਼ੀਆ ਨੂੰ 4.43 ਬਿਲੀਅਨ ਡਾਲਰ ਦਾ ਚੌਲ ਨਿਰਯਾਤ ਕੀਤਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਜੰਗ ਕਾਰਨ ਲਗਪਗ 4 ਲੱਖ ਮੈਟਿ੍ਕ ਟਨ ਬਾਸਮਤੀ ਚੌਲ ਬੰਦਰਗਾਹਾਂ ਜਾਂ ਸਮੁੰਦਰ ਵਿਚ ਫਸ ਗਿਆ ਹੈ ਜਿਸ ਕਾਰਨ ਅੱਗੋਂ ਹੋਰ ਚਾਵਲ ਦੇ ਨਿਰਯਾਤ ਤੇ ਪ੍ਰਸ਼ਨਚਿੰਨ੍ਹ ਲੱਗ ਗਿਆ ਹੈ | ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਓਮਾਨ ਅਤੇ ਕਤਰ ਭਾਰਤੀ ਸਬਜ਼ੀਆਂ ਅਤੇ ਫਲਾਂ ਦੇ ਮੁੱਖ ਖ਼ਰੀਦਦਾਰ ਹਨ | ਪ੍ਰਾਪਤ ਅੰਕੜਿਆਂ ਅਨੁਸਾਰ ਆਂਧਰਾ ਪ੍ਰਦੇਸ਼ ਤੋਂ ਹਰ ਸਾਲ ਲਗਪਗ 1 ਲੱਖ ਟਨ ਕੇਲੇ ਖਾੜੀ ਦੇਸ਼ਾਂ ਨੂੰ ਭੇਜੇ ਜਾਂਦੇ ਹਨ, ਪਰ ਜੰਗ ਕਾਰਨ ਕੇਲਿਆਂ ਦਾ ਚੱਲ ਰਿਹਾ ਭਾਅ 26,000 ਰੁਪਏ ਪ੍ਰਤੀ ਟਨ ਤੋਂ ਘੱਟ ਕੇ ਇਕਦਮ 18,000-20,000 ਰੁਪਏ ਰਹਿ ਗਿਆ | ਇਸ ਤਰ੍ਹਾਂ ਨਾਰੀਅਲ ਦਾ ਭਾਅ ਵੀ 18,000-20,000 ਰੁਪਏ (1000 ਨਾਰੀਅਲ) ਤੋਂ ਲੁੜ੍ਹਕ ਕੇ 13,000-14,000 ਰੁਪਏ ਤੇ ਆ ਗਿਆ ਹੈ | ਯੁੱਧ ਕਾਰਨ ਹੁਣ ਆਲੂ, ਟਮਾਟਰ, ਲੌਕੀ, ਹਰੀ ਮਿਰਚ, ਪਰਵਲ, ਭਿੰਡੀ ਅਤੇ ਹਰੇ ਮਟਰਾਂ ਦੀ ਲੋਡਿੰਗ ਬੰਦ ਹੋ ਗਈ ਇਸ ਲਈ ਨਿਰਯਾਤਕਾਂ ਨੇ ਇਹ ਮਾਲ ਘਰੇਲੂ ਬਾਜ਼ਾਰ ਵਿਚ ਸੁੱਟ ਦਿੱਤਾ ਜਿਸ ਨਾਲ ਬਾਜ਼ਾਰ 'ਚ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆ ਗਈ ਹੈ |