ਲੁਧਿਆਣਾ, 2 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਮਾਧੋਪੁਰੀ ਵਿਚ ਅੱਜ ਰਾਤ ਮਨੀ ਅਕਸਚੇਂਜਰ ਨੂੰ ਲੁੱਟਣ ਆਏ ਦੋ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਦੇ ਮਕਸਦ ਵਿਚ ਅਸਫਲ ਹੋਣ 'ਤੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਿੱਥੇ ਸਿੱਟੇ ਵਜੋਂ ਮਨੀ ਐਕਸਚੇਂਜਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਦਕਿ ਉਸਦਾ ਗੁਆਂਢੀ ਲੁਟੇਰਿਆਂ ਵਲੋਂ ਦਾਤ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਨਿਊ ਮਾਧੋਪੁਰੀ ਵਿਚ ਮਨੀ ਐਕਸਚੇਂਜ ਦਾ ਕੰਮ ਕਰਨ ਵਾਲਾ ਨੌਜਵਾਨ ਮੁਹੰਮਦ ਅਨਸਾਰ ਆਲਮ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ | ਇਸ ਦੌਰਾਨ ਦੋ ਹਥਿਆਰਬੰਦ ਲੁਟੇਰੇ ਉਸ ਪਾਸ ਆਏ ਤੇ ਉਸ ਤੋਂ ਨਕਦੀ ਦੀ ਮੰਗ ਕੀਤੀ, ਜਦੋਂ ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਵਿਚੋਂ ਇੱਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਗੋਲੀ ਚਲਾ ਦਿੱਤੀ | ਗੋਲੀ ਦੀ ਆਵਾਜ਼ ਸੁਣ ਕੇ ਨਾਲ ਦਾ ਗੁਆਂਢੀ ਨੌਜਵਾਨ ਰਜੇਸ਼ ਕੁਮਾਰ ਉੱਥੇ ਆਇਆ ਜਿਸ 'ਤੇ ਲੁਟੇਰਿਆ ਵਲੋਂ ਉਸ 'ਤੇ ਵੀ ਹਮਲਾ ਕਰ ਦਿੱਤਾ ਤੇ ਰਜੇਸ਼ ਕੁਮਾਰ ਵੀ ਜ਼ਖ਼ਮੀ ਹੋ ਗਿਆ | ਇਸ ਦੌਰਾਨ ਇਲਾਕੇ ਦੇ ਲੋਕ ਇਕੱਠੇ ਹੋ ਗਏ | ਲੁਟੇਰਿਆਂ ਵਲੋਂ ਭੱਜਣ ਸਮੇਂ ਲੁੱਟੇ ਗਏ ਨੋਟ ਉੱਥੇ ਖਿਲਾਰ ਦਿੱਤੇ ਤੇ ਗੋਲੀਆਂ ਚਲਾਉਂਦੇ ਫਰਾਰ ਹੋ ਗਏ | ਪੁਲਿਸ ਨੇ ਘਟਨਾ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਕਰ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਲੁਟੇਰੇ ਮੋਟਰਸਾਈਕਲ 'ਤੇ ਫਰਾਰ ਹੋ ਗਏ |