ਨਵੀਂ ਦਿੱਲੀ, 2 ਅਪ੍ਰੈਲ (ਏਜੰਸੀ)-ਕੇਂਦਰ ਨੇ ਰਾਜਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਦੇ ਵਿਚਾਲੇ ਸ਼ਹਿਰੀ ਖੇਤਰਾਂ 'ਚ ਪਾਈਪਡ ਕੁਦਰਤੀ ਗੈਸ (ਪੀ.ਐਨ.ਜੀ.) ਨੈਟਵਰਕ ਦੇ ਵਿਸਥਾਰ ਨੂੰ ਤੇਜ਼ ਕਰਨ ਲਈ ਪ੍ਰਵਾਨਗੀਆਂ ਤੇਜ਼ ਕਰਨ ਅਤੇ ਸਮਾਂ-ਬੱਧ ਯੋਜਨਾਵਾਂ ਅਪਣਾਉਣ ਲਈ ਕਿਹਾ | ਸਾਰੇ ਜ਼ਿਲਿ੍ਹਆਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵਾਰਡ-ਵਾਰ ਟੀਚਿਆਂ, ਤਰਜੀਹੀ ਖੇਤਰਾਂ ਦੀ ਪਛਾਣ ਅਤੇ ਪ੍ਰਵਾਨਗੀਆਂ ਅਤੇ ਕੰਮ ਨੂੰ ਪੂਰਾ ਕਰਨ ਲਈ ਸਪੱਸ਼ਟ ਸਮਾਂ-ਹੱਦ ਦੇ ਨਾਲ ਤਿੰਨ ਹਫਤਿਆਂ ਦੀ ਇਕ ਸਮਾਂ-ਬੱਧ ਕਾਰਜ ਯੋਜਨਾ ਤਿਆਰ ਕਰਨ | ਇਹ ਨਿਰਦੇਸ਼ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਸ਼੍ਰੀਨਿਵਾਸ ਕਾਟੀਕਿਥਲਾ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਸਕੱਤਰ ਨੀਰਜ ਮਿੱਤਲ ਦੀ ਪ੍ਰਧਾਨਗੀ ਹੇਠ ਇਕ ਸਾਂਝੀ ਸਮੀਖਿਆ ਮੀਟਿੰਗ ਦੌਰਾਨ ਜਾਰੀ ਕੀਤੇ ਗਏ, ਜਿਸ 'ਚ 190 ਤੋਂ ਵੱਧ ਜ਼ਿਲਿ੍ਹਆਂ ਅਤੇ 300 ਸ਼ਹਿਰੀ ਅਥਾਰਟੀਆਂ ਨੂੰ ਕਵਰ ਕਰਨ ਵਾਲੇ 110 ਤੋਂ ਵੱਧ ਪਛਾਣੇ ਗਏ ਭੂਗੋਲਿਕ ਖੇਤਰਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਰਾਜਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਈਪਲਾਈਨ ਵਿਛਾਉਣ ਅਤੇ ਉਸ ਨਾਲ ਜੁੜੇ ਕੰਮਾਂ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ |