ਨਵੀਂ ਦਿੱਲੀ, 2 ਅਪ੍ਰੈਲ (ਪੀ. ਟੀ. ਆਈ.)-ਈਰਾਨ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਦੀ ਕੀਤੀ ਨਾਕਾਬੰਦੀ ਨੂੰ ਲੈ ਕੇ ਪੈਦਾ ਹੋਏ ਵਿਸ਼ਵਵਿਆਪੀ ਊਰਜਾ ਸੰਕਟ ਦੇ ਮੱਦੇਨਜ਼ਰ ਬਰਤਾਨੀਆ ਵਲੋਂ 60 ਤੋਂ ਵੱਧ ਦੇਸ਼ਾਂ ਦੀ ਵਰਚੂਅਲ ਮੀਟਿੰਗ ਸੱਦੀ ਗਈ, ਜਿਸ 'ਚ ਭਾਰਤ ਵਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਹਿੱਸਾ ਲੈਂਦਿਆਂ ਪੱਛਮੀ ਏਸ਼ੀਆ 'ਚ ਚਲ ਰਹੇ ਸੰਕਟ ਨੂੰ ਹੱਲ ਕਰਨ ਲਈ ਕੂਟਨੀਤੀ 'ਤੇ ਜ਼ੋਰ ਦਿੱਤਾ | ਇਹ ਅਹਿਮ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਈ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਇਸ ਰਸਤੇ ਨੂੰ ਸੁਰੱਖਿਅਤ ਕਰਨਾ ਦੂਜੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ | ਬਰਤਾਨੀਆ ਦੀ ਵਿਦੇਸ਼ ਮੰਤਰੀ ਇਵੇਟ ਕੂਪਰ ਨੇ ਇਸ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ 'ਚ ਫਰਾਂਸ, ਜਰਮਨੀ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਨਾਲ-ਨਾਲ ਭਾਰਤ ਨੇ ਵੀ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ 'ਚ ਕੂਪਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮੁੱਖ ਧਿਆਨ ਕੂਟਨੀਤਕ ਅਤੇ ਅੰਤਰਰਾਸ਼ਟਰੀ ਯੋਜਨਾਵਾਂ 'ਤੇ ਹੈ ਤਾਂ ਜੋ ਸਾਰੇ ਆਰਥਿਕ ਅਤੇ ਸਿਆਸੀ ਸਾਧਨਾਂ ਦੀ ਵਰਤੋਂ ਕਰਕੇ ਇਸ ਰਸਤੇ ਨੂੰ ਖੋਲ੍ਹਣ ਲਈ ਦਬਾਅ ਬਣਾਇਆ ਜਾ ਸਕੇ | ਹੈਰਾਨੀ ਦੀ ਗੱਲ ਇਹ ਰਹੀ ਕਿ ਅਮਰੀਕਾ ਨੇ ਇਸ ਅਹਿਮ ਗੱਲਬਾਤ 'ਚ ਹਿੱਸਾ ਨਹੀਂ ਲਿਆ |