ਅੰਮਿ੍ਤਸਰ, 5 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀ. ਡੀ. ਐਮ. ਏ.) ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਦੱਸਿਆ ਕਿ ਪਿਛਲੇ 10 ਦਿਨਾਂ 'ਚ ਪਾਕਿ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 45 ਲੋਕਾਂ ਦੀ ਮੌਤ ਹੋ ਗਈ ਹੈ ਤੇ 105 ਜ਼ਖ਼ਮੀ ਹੋ ਗਏ ਹਨ | ਬਿਆਨ ਦੇ ਅਨੁਸਾਰ ਮੀਂਹ ਨਾਲ ਸੰਬੰਧਿਤ ਕੁੱਲ 45 ਮੌਤਾਂ 'ਚੋਂ 23 ਬੱਚੇ, 17 ਪੁਰਸ਼ ਅਤੇ 5 ਔਰਤਾਂ ਹਨ ਜਦੋਂ ਕਿ ਜ਼ਖਮੀਆਂ ਵਿਚ 45 ਪੁਰਸ਼, 16 ਔਰਤਾਂ ਅਤੇ 44 ਬੱਚੇ ਸ਼ਾਮਿਲ ਹਨ | ਪੀ. ਡੀ. ਐੱਮ. ਏ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਜ਼ਿਲਿ੍ਹਆਂ 'ਚ ਛੱਤਾਂ ਤੇ ਕੰਧਾਂ ਡਿੱਗ ਗਈਆਂ, ਜਿਸ ਨਾਲ ਸੂਬੇ ਭਰ ਵਿਚ ਵਿਆਪਕ ਮਨੁੱਖੀ ਅਤੇ ਭੌਤਿਕ ਨੁਕਸਾਨ ਹੋਇਆ ਹੈ | ਘੱਟੋ-ਘੱਟ 442 ਘਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚੋਂ 382 ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ ਅਤੇ ਦੋ ਦਰਜਨ ਤੋਂ ਵੱਧ ਜ਼ਿਲਿ੍ਹਆਂ ਵਿਚ ਬਹੁਤ ਸਾਰੀਆਂ ਇਮਾਰਤਾਂ ਅਤੇ ਮਸਜਿਦਾਂ ਤਬਾਹ ਹੋ ਗਈਆਂ ਹਨ |