ਚੰਡੀਗੜ੍ਹ, 5 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਵਿਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਨਵਾਂ ਰੂਪ ਦੇ ਕੇ ਇਹ ਯਕੀਨੀ ਬਣਾ ਰਹੀ ਹੈ ਕਿ ਹੁਣ ਇਲਾਜ ਕਿਸੇ ਪਰਿਵਾਰ ਦੀ ਵਿੱਤੀ ਸਮਰਥਾ ਤੱਕ ਮਹਿਦੂਦ ਨਾ ਰਹੇ ਸਗੋਂ ਹਰੇਕ ਤੱਕ ਪਹੁੰਚੇ | ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਤੋਂ ਲੈ ਕੇ ਗੁੰਝਲਦਾਰ ਸਰਜਰੀਆਂ ਅਤੇ ਜੀਵਨ ਭਰ ਚੱਲਣ ਵਾਲੇ ਪੁਰਾਣੇ ਗੰਭੀਰ ਰੋਗਾਂ ਦੇ ਇਲਾਜ ਤੱਕ, ਇਹ ਸਕੀਮ ਪੰਜਾਬ ਭਰ ਦੇ ਲੱਖਾਂ ਪਰਿਵਾਰਾਂ ਨੂੰ ਸਮੇਂ ਸਿਰ, ਨਕਦ ਰਹਿਤ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ | ਜਦੋਂ ਏਮਜ਼ ਬਠਿੰਡਾ ਵਿਖੇ 1.5 ਕਿੱਲੋ ਤੋਂ ਵੀ ਘੱਟ ਭਾਰ ਵਾਲੇ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਨੂੰ ਬਚਾਉਣ ਲਈ ਮਕੈਨੀਕਲ ਵੈਂਟੀਲੇਸ਼ਨ ਦੀ ਲੋੜ ਸੀ, ਤਾਂ ਉਸ ਦੇ ਮਾਪਿਆਂ ਦੀ ਸਿਰਫ਼ ਇਕ ਹੀ ਜ਼ਿੰਮੇਵਾਰੀ ਸੀ-ਉਸ ਦੇ ਨਾਲ ਰਹਿਣਾ | ਇਸ ਇਲਾਜ ਦਾ 4.35 ਲੱਖ ਰੁਪਏ ਦਾ ਖਰਚਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਵਲੋਂ ਉਠਾਇਆ ਗਿਆ | ਪੂਰੇ ਪੰਜਾਬ ਵਿਚ, 2 ਲੱਖ ਤੋਂ ਵੱਧ ਪਰਿਵਾਰਾਂ ਨੇ ਅਜਿਹੀ ਹੀ ਰਾਹਤ ਮਹਿਸੂਸ ਕੀਤੀ ਹੈ, ਜਿੱਥੇ ਬਗ਼ੈਰ ਕਿਸੇ ਕਰਜ਼ੇ, ਗਹਿਣੇ ਗਿਰਵੀ ਰੱਖਣ ਜਾਂ ਵਿੱਤੀ ਮਦਦ ਲਈ ਹਾੜੇ ਕੱਢੇ ਬਿਨਾਂ ਤੁਰੰਤ ਇਲਾਜ ਸ਼ੁਰੂ ਹੋਇਆ | ਇਸ ਸਕੀਮ ਨੇ 900 ਤੋਂ ਵੱਧ ਸੂਚੀਬੱਧ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ਨੈੱਟਵਰਕ ਰਾਹੀਂ 40,000 ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ ਸਮੇਤ 2 ਲੱਖ ਤੋਂ ਵੱਧ ਇਲਾਜਾਂ ਲਈ 300 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਹਿਤ ਸਿਹਤ ਸੇਵਾ ਪ੍ਰਦਾਨ ਕੀਤੀ ਹੈ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਇਲੈਸਿਸ, ਦਿਲ ਦੀ ਬਿਮਾਰੀ, ਕੈਂਸਰ, ਇਹ ਅਜਿਹੀਆਂ ਸਥਿਤੀਆਂ ਨਹੀਂ ਹਨ ਜਿਨ੍ਹਾਂ ਵਿਚ ਉਡੀਕ ਦੀ ਗੰੁਜਾਇਸ਼ ਨਹੀਂ ਹੁੰਦੀ | ਪਿਛਲੇ ਮਹੀਨਿਆਂ ਵਿਚ ਹੀ, ਇਸ ਸਕੀਮ ਨੇ ਗੁਰਦਾ ਰੋਗੀਆਂ ਲਈ 68,000 ਤੋਂ ਵੱਧ ਡਾਇਲੈਸਿਸ ਸੈਸ਼ਨਾਂ ਲਈ ਫੰਡ ਦਿੱਤੇ ਹਨ |
ਪੰਜਾਬ ਸਰਕਾਰ ਦੀ ਸਿਹਤ ਯੋਜਨਾ ਨੇ 2 ਲੱਖ ਪਰਿਵਾਰਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ-ਡਾ. ਬਲਬੀਰ ਸਿੰਘ
ਅਜੀਤ ਡੈਸਕ
06-04-2026