ਟਾਂਡਾ ਉੜਮੁੜ, 5 ਅਪ੍ਰੈਲ (ਭਗਵਾਨ ਸਿੰਘ ਸੈਣੀ)-ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੂੰ ਛੱਡਦੇ ਹੋਏ ਆਪਣੇ ਸਾਰੇ ਅਹੁਦਿਆਂ ਤੇ ਮੁੱਡਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਦੇ ਕੁੱਝ ਆਗੂ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ | ਇਸ ਅਸਤੀਫ਼ੇ ਨਾਲ ਸਿਆਸੀ ਮਾਹੌਲ ਵਿਚ ਚਰਚਾ ਤੇਜ਼ ਹੋ ਗਈ ਹੈ, ਪਰ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪੰਥ ਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਈ ਪੂਰੀ ਤਰ੍ਹਾਂ ਸਮਰਪਿਤ ਹਨ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਕਿਸੇ ਹੋਰ ਦਲ ਜਾਂ ਭਗੌੜੇ ਤੱਤਾਂ ਨਾਲ ਨਹੀਂ ਜਾਣਗੇ ਤੇ ਸਿੱਖ ਸਿਧਾਂਤਾਂ 'ਤੇ ਡਟੇ ਰਹਿਣਗੇ | ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਲਈ ਉਨ੍ਹਾਂ ਦੀ ਪਾਰਟੀ ਵਿਚ ਆਏ ਹੋਏ ਅਜਿਹੇ ਆਗੂਆਂ ਦੀ ਕੋਈ ਲੋੜ ਨਹੀਂ ਤੇ ਇਨ੍ਹਾਂ ਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਸਗੋਂ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ, ਅਵਤਾਰ ਸਿੰਘ ਜੋਹਲ, ਕੁਲਵਿੰਦਰ ਸਿੰਘ ਜੰਡਾ, ਜਰਨੈਲ ਸਿੰਘ, ਜਤਿੰਦਰ ਸਿੰਘ ਪੰਨੂ ਤੇ ਹੋਰ ਮੌਜੂਦ ਸਨ |
ਮੱਖਣ ਬਰਾੜ ਦੇ ਅਸਤੀਫ਼ੇ ਨਾਲ ਪਾਰਟੀ 'ਤੇ ਕੋਈ ਅਸਰ ਨਹੀਂ, ਸਗੋਂ ਹੋਰ ਮਜ਼ਬੂਤ ਹੋਵੇਗੀ-ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
06-04-2026