28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਦਿੰਦੇ ਦੋ ਜਾਅਲੀ ਪ੍ਰੀਖਿਆਰਥੀ ਕਾਬੂ

Ad Position 21
No active advertisement
ਅਜੀਤ ਡੈਸਕ 06-04-2026

ਫ਼ਰੀਦਕੋਟ, 5 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵਲੋਂ ਫ਼ਰੀਦਕੋਟ ਵਿਖੇ ਸਰਕਾਰੀ ਵਿਭਾਗਾਂ ਵਿਚ ਗਰੁੱਪ-ਡੀ ਦੀਆਂ ਅਸਾਮੀਆਂ ਦੀ ਭਰਤੀ ਸੰਬੰਧੀ ਲਈ ਗਈ ਪ੍ਰੀਖਿਆ ਦੌਰਾਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਪ੍ਰੀਖਿਆ ਕੇਂਦਰ ਵਿਚ ਦੂਜੇ ਉਮੀਦਵਾਰਾਂ ਦੀ ਥਾਂ ਦੋ ਵਿਅਕਤੀ ਪ੍ਰੀਖਿਆ ਦਿੰਦੇ ਫ਼ੜੇ ਗਏ | ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ 'ਚ ਕਰਵਾਈ ਗਈ ਇਸ ਭਰਤੀ ਪ੍ਰੀਖਿਆ ਤਹਿਤ ਐਤਵਾਰ ਨੂੰ ਸੰਗਤ ਸਾਹਿਬ ਭਾਈ ਫੇਰੂ ਫ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਬਣਾਏ ਗਏ ਕੇਂਦਰ 'ਚ ਬਾਇਓਮੈਟਿ੍ਕ ਟੈਸਟਿੰਗ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਇਨ੍ਹਾਂ ਦੀ ਪਛਾਣ ਬਲਦੇਵ ਸਿੰਘ ਅਤੇ ਸੁਨੀਲ ਸਿੰਘ ਵਾਸੀ ਜਲਾਲਾਬਾਦ ਵਜੋਂ ਹੋਈ ਹੈ | ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਜਲਾਲਾਬਾਦ ਦੇ ਪਿੰਡ ਘੁਬਾਇਆ ਦੇ ਰਹਿਣ ਵਾਲੇ ਕ੍ਰਮਵਾਰ ਦਵਿੰਦਰ ਸਿੰਘ ਅਤੇ ਮੰਗਲ ਸਿੰਘ ਦੀ ਥਾਂ 'ਤੇ ਪ੍ਰੀਖਿਆ ਦੇਣ ਆਏ ਸਨ, ਜਿਨ੍ਹਾਂ ਵਲੋਂ ਜਾਅਲੀ ਸ਼ਨਾਖਤੀ ਕਾਰਡ ਵੀ ਬਣਾਏ ਗਏ ਸਨ | ਬਾਇਓਮੈਟਿ੍ਕ ਵੈਰੀਫ਼ਿਕੇਸ਼ਨ ਦੌਰਾਨ ਗੜਬੜ ਦਾ ਪਤਾ ਲੱਗਣ 'ਤੇ ਸਕੂਲ ਸਟਾਫ਼ ਨੇ ਤੁਰੰਤ ਦੋਵਾਂ ਨੂੰ ਮੌਕੇ 'ਤੇ ਮੌਜੂਦ ਪੁਲਿਸ ਦੇ ਹਵਾਲੇ ਕਰ ਦਿੱਤਾ | ਇਸ ਤੋਂ ਬਾਅਦ ਪੁਲਿਸ ਦੋਵਾਂ ਦੋਸ਼ੀਆਂ ਨੂੰ ਥਾਣਾ ਸਿਟੀ ਕੋਤਵਾਲੀ ਲੈ ਗਈ, ਜਿੱਥੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ | ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਵਿਚੋਂ ਇਕ ਸਰਕਾਰੀ ਅਧਿਆਪਕ ਵਜੋਂ ਨੌਕਰੀ ਕਰਦਾ ਹੈ | ਇਸ ਸਬੰਧੀ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਹੋਰਨਾਂ ਦੀ ਥਾਂ 'ਤੇ ਦੋ ਵਿਅਕਤੀਆਂ ਨੂੰ ਪ੍ਰੀਖਿਆ ਦੇਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਵਿਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਸਮੇਤ ਉਨ੍ਹਾਂ ਉਮੀਦਵਾਰਾਂ ਨੂੰ ਵੀ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਥਾਂ 'ਤੇ ਉਹ ਪ੍ਰੀਖਿਆ ਦੇਣ ਆਏ ਸਨ | ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਗੁਰਜੋਤ ਢੀਂਡਸਾ ਨੂੰ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਈ. ਟੀ. ਵਿੰਗ ਦਾ ਚੇਅਰਮੈਨ ਕੀਤਾ ਨਿਯੁਕਤ ਅਗਲੀ ਖ਼ਬਰ ਡੀ.ਐੱਮ. ਰੰਧਾਵਾ ਮਾਮਲੇ ਦੀ ਸੀ.ਬੀ.ਆਈ. ਜਾਂਚ ਜ਼ਰੂਰ ਹੋਵੇਗੀ-ਬਿੱਟੂ
Ad Position 24