ਅਹਿਮਦਾਬਾਦ, 5 ਅਪ੍ਰੈਲ (ਪੀ. ਟੀ. ਆਈ.)-ਗੁਜਰਾਤ ਏ.ਟੀ.ਐਸ. ਅਤੇ ਪੁਲਿਸ ਨੇ ਪੰਜਾਬ 'ਚ ਗ੍ਰਨੇਡ ਤਸਕਰੀ ਮਾਮਲੇ ਨਾਲ ਜੁੜੇ ਅਤੇ ਆਈ.ਐਸ.ਆਈ. ਲਈ ਕੰਮ ਕਰਨ ਵਾਲੇ ਇਕ ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਹੋਣ ਦੇ ਸ਼ੱਕ 'ਚ ਬਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਰਾਜ ਦੇ ਡੀਸਾ ਕਸਬੇ ਤੋਂ ਹਿਰਾਸਤ 'ਚ ਲਿਆ | ਅੱਤਵਾਦ ਵਿਰੋਧੀ ਦਸਤੇ ਨੇ ਕਿਹਾ ਕਿ ਮੁਲਜ਼ਮ ਨੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਥਾਣਿਆਂ ਅਤੇ ਹੋਰ ਸੁਰੱਖਿਆ ਇਕਾਈਆਂ 'ਤੇ ਹਮਲਾ ਕਰਨ ਦੀਆਂ ਸਾਜ਼ਿਸ਼ਾਂ ਘੜਨ 'ਚ ਮੁੱਖ ਭੂਮਿਕਾ ਨਿਭਾਈ ਸੀ | ਏ.ਟੀ.ਐਸ. ਦੁਆਰਾ ਜਾਰੀ ਇਕ ਰਿਲੀਜ਼ ਅਨੁਸਾਰ ਪੰਜਾਬ ਪੁਲਿਸ ਦੁਆਰਾ ਸਾਂਝੀ ਕੀਤੀ ਖਾਸ ਜਾਣਕਾਰੀ ਦੇ ਅਧਾਰ 'ਤੇ, ਏ.ਟੀ.ਐਸ. ਅਤੇ ਬਨਾਸਕਾਂਠਾ ਪੁਲਿਸ ਦੀ ਇਕ ਟੀਮ ਨੇ ਬਿਕਰਮਜੀਤ ਸਿੰਘ ਨੂੰ ਡੀਸਾ ਕਸਬੇ ਤੋਂ ਗਿ੍ਫ਼ਤਾਰ ਕੀਤਾ, ਜਿਥੇ ਉਹ ਸੜਕ ਕਿਨਾਰੇ ਇਕ ਰੈਸਟੋਰੈਂਟ 'ਚ ਆਪਣੀ ਅਸਲ ਪਛਾਣ ਲੁਕੋ ਕੇ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ | ਉਸ ਨੂੰ ਸਨਿਚਰਵਾਰ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਹੋਰ ਪੁੱਛਗਿੱਛ ਲਈ ਅਹਿਮਦਾਬਾਦ ਲਿਆਂਦਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦÏਰਾਨ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀ ਆਬਿਦ ਜੱਟ ਨਾਲ ਜੁੜੇ ਇਕ ਨੈੱਟਵਰਕ ਨਾਲ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ | ਪੁੱਛਗਿੱਛ ਤੋਂ ਪਤਾ ਲੱਗਾ ਕਿ ਮੁਲਜ਼ਮ, ਭੱਟੀ ਅਤੇ ਜੱਟ ਗ੍ਰਨੇਡ ਸਪਲਾਈ ਕਰਨ ਅਤੇ ਸੁਰੱਖਿਆ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ 'ਚ ਸ਼ਾਮਿਲ ਸਨ | ਭੱਟੀ ਪਾਕਿਸਤਾਨੀ ਗੈਂਗਸਟਰ ਹੈ, ਜੋ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈ. ਐਸ. ਆਈ. ਲਈ ਕੰਮ ਕਰਦਾ ਹੈ | ਉਸਨੇ ਚੜ੍ਹਦੇ ਪੰਜਾਬ 'ਚ ਆਈ. ਐਸ. ਆਈ. ਲਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ | ਏ.ਟੀ.ਐਸ. ਨੇ ਕਿਹਾ ਕਿ ਉਹ ਵਰਤਮਾਨ 'ਚ ਪੰਜਾਬ ਵਿਚ ਸੁਰੱਖਿਆ ਯੂਨਿਟਾਂ, ਥਾਣਿਆਂ ਤੇ ਪ੍ਰਮੁੱਖ ਵਿਅਕਤੀਆਂ 'ਤੇ ਗ੍ਰਨੇਡ ਹਮਲੇ ਕਰ ਰਿਹਾ ਹੈ | ਇਸ ਸੰਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ ਅੰਮਿ੍ਤਸਰ ਨੇ ਹਾਲ ਹੀ 'ਚ ਭਾਰਤੀ ਨਿਆਏ ਸੰਹਿਤਾ, ਵਿਸਫੋਟਕ ਪਦਾਰਥ ਐਕਟ, 1908, ਤੇ ਆਰਮਜ਼ ਐਕਟ, 1959 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਉਸਦੇ ਅਤੇ ਹੋਰਾਂ ਵਿਰੁੱਧ ਇਕ ਅਪਰਾਧ ਦਰਜ ਕੀਤਾ ਹੈ | ਅਧਿਕਾਰੀਆਂ ਨੇ ਅੱਗੇ ਕਿਹਾ ਕਿ ਅੰਮਿ੍ਤਸਰ ਦੇ ਵਸਨੀਕ ਬਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਐਸ. ਐਸ. ਓ. ਸੀ. ਅੰਮਿ੍ਤਸਰ ਹਵਾਲੇ ਕਰ ਦਿੱਤਾ ਗਿਆ |