ਪੰਜਾਬ ਮੇਰੇ ਲਈ ਸਿਰਫ਼ ਚਰਚਾ ਦਾ ਵਿਸ਼ਾ ਨਹੀਂ, ਮੇਰੀ ਮਿੱਟੀ, ਮੇਰੀ ਆਤਮਾ ਹੈ-ਰਾਘਵ ਚੱਢਾ
ਨਵੀਂ ਦਿੱਲੀ, 5 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਅਤੇ ਰਾਘਵ ਚੱਢਾ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਵਿਚਾਲੇ ਦੋਵੇਂ ਧਿਰਾਂ ਇਕ-ਦੂਜੇ ਨੂੰ ਨਿਸ਼ਾਨਾ ਬਣਾ ਰਹੀਆਂ ਹਨ | ਐਤਵਾਰ ਨੂੰ ਜਿੱਥੇ 'ਆਪ' 'ਤੇ ਪਲਟਵਾਰ ਕਰਦਿਆਂ ਚੱਢਾ ਨੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ, ਜੋ ਉਨ੍ਹਾਂ ਸੰਸਦ 'ਚ ਚੁੱਕੇ, ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ, ਉਥੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਸੰਬੰਧਿਤ ਸਾਰੇ ਆਲੋਚਨਾਤਮਕ ਵੀਡੀਓ ਅਤੇ ਸੰਦੇਸ਼ ਆਪਣੀ ਟਾਈਮਲਾਈਨ ਤੋਂ ਡਿਲੀਟ ਕਰ ਦਿੱਤੇ ਹਨ |
ਇਕ ਛੋਟਾ ਜਿਹਾ ਟ੍ਰੇਲਰ ਹੈ, ਪਿਕਚਰ ਅਜੇ ਬਾਕੀ ਹੈ
ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਪਾਏ ਸੰਦੇਸ਼ 'ਚ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਉਨ੍ਹਾਂ ਸਾਥੀਆਂ ਲਈ, ਜਿਨ੍ਹਾਂ ਨੂੰ ਇਹ ਕਹਿੰਦਿਆਂ ਵੀਡੀਓ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਕਿ ਰਾਘਵ ਚੱਢਾ ਸੰਸਦ 'ਚ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ 'ਚ ਨਾਕਾਮ ਰਹੇ, ਉਨ੍ਹਾਂ ਨਾਲ ਪਾਏ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਕ ਛੋਟਾ ਜਿਹਾ ਟ੍ਰੇਲਰ ਹੈ, ਪਿਕਚਰ ਅਜੇ ਬਾਕੀ ਹੈ | ਰਾਘਵ ਚੱਢਾ ਨੇ ਲਿਖਿਆ ਕਿ ਪੰਜਾਬ ਉਨ੍ਹਾਂ ਲਈ ਸਿਰਫ਼ ਚਰਚਾ ਦਾ ਵਿਸ਼ਾ ਨਹੀਂ, ਸਗੋਂ ਉਨ੍ਹਾਂ ਦਾ ਘਰ, ਫਰਜ਼, ਮਿੱਟੀ ਅਤੇ ਆਤਮਾ ਹੈ | ਚੱਢਾ ਵਲੋਂ ਜਾਰੀ ਵੀਡੀਓ 'ਚ ਕਈ ਵੀਡੀਓ ਇਕੱਠੇ ਕੀਤੇ ਗਏ ਹਨ, ਜਿਨ੍ਹਾਂ 'ਚ ਉਹ ਨਨਕਾਣਾ ਸਾਹਿਬ ਲਈ ਭਾਰਤ-ਪਾਕਿਸਤਾਨ ਕਾਰੀਡੋਰ, ਕਿਸਾਨਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ, ਬਠਿੰਡਾ ਤੋਂ ਚਲਣ ਵਾਲੀ ਟ੍ਰੇਨ, ਜਿਨ੍ਹਾਂ 'ਚ ਜ਼ਿਆਦਾਤਰ ਕੈਂਸਰ ਮਰੀਜ਼ ਸਫ਼ਰ ਕਰਦੇ ਹਨ, ਪੰਜਾਬ 'ਤੇ ਹਵਾ ਦੇ ਪ੍ਰਦੂਸ਼ਣ ਫੈਲਾਉਣ ਦੇ ਇਲਜ਼ਾਮ ਦਾ ਮੁੱਦਾ, ਭਗਤ ਸਿੰਘ ਨੂੰ 'ਭਾਰਤ ਰਤਨ' ਦੇਣ ਜਿਹੇ ਮੁੱਦੇ ਉਠਾਉਂਦੇ ਨਜ਼ਰ ਆ ਰਹੇ ਹਨ |
ਰਾਘਵ ਚੱਢਾ ਨੇ ਭਾਜਪਾ ਦੀ ਆਲੋਚਨਾ ਵਾਲੀਆਂ ਪੋਸਟਾਂ ਕੀਤੀਆਂ ਡਿਲੀਟ-'ਆਪ'
ਦੂਜੇ ਪਾਸੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਆਲੋਚਨਾ ਕਰਨ ਵਾਲੀਆਂ ਪੁਰਾਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਰਾਘਵ ਚੱਢਾ ਦੀ ਟਾਈਮਲਾਈਨ 'ਤੇ ਮੋਦੀ ਸ਼ਬਦ ਵਾਲੀਆਂ 2 ਪੋਸਟਾਂ ਹਨ ਉਹ ਵੀ ਮੋਦੀ ਦੀ ਤਾਰੀਫ਼ ਵਾਲੀਆਂ |
ਰਾਘਵ ਚੱਢਾ ਨੇ ਮੋਦੀ ਤੇ ਭਾਜਪਾ ਦੀ ਆਲੋਚਨਾ ਵਾਲੀਆਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ-'ਆਪ'
ਅਜੀਤ ਡੈਸਕ
06-04-2026