ਅੰਮਿ੍ਤਸਰ, 8 ਅ੍ਰਪੈਲ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਹੋ ਰਹੀ ਹਥਿਆਰ ਤਸਕਰੀ ਦੇ ਮਾਮਲੇ 'ਚ ਅੱਜ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ 16 ਸਾਲ ਦੇ 1 ਨਾਬਾਲਗ ਸਮੇਤ 4 ਹਥਿਆਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨੂੰ 7 ਅਤਿ ਆਧੁਨਿਕ ਪਿਸਤੌਲਾਂ ਸਮੇਤ ਗਿ੍ਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਸੰਮੇਲਨ 'ਚ ਕੀਤਾ ਜਿਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ (32), ਜੋਬਨਬੀਰ ਸਿੰਘ ਉਰਫ਼ ਜੋਬਨ (23), ਦੋਵੇਂ ਵਾਸੀ ਪਿੰਡ ਲੱਧੇਵਾਲ ਅੰਮਿ੍ਤਸਰ ਤੇ ਤਰਨਤਾਰ ਦੇ ਪਿੰਡ ਭੂਸੇ, ਲਵਪ੍ਰੀਤ ਸਿੰਘ ਉਰਫ਼ ਲਵ ਅਤੇ 16 ਸਾਲਾ ਨਾਬਾਲਗ ਮੁੰਡੇ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਦੋ .30 ਬੋਰ ਪੀ. ਐਕਸ 5 ਸਟੌਰਮ, ਇਟਲੀ ਦੇ ਬਣੇ ਦੋ .30 ਬੋਰ ਪਿਸਤੌਲ, ਇਕ .30 ਬੋਰ ਚੀਨੀ ਪਿਸਤੌਲ, ਆਸਟਰੀਆ ਦਾ ਬਣਿਆ ਇਕ .30 ਬੋਰ ਅਤੇ ਇਕ 9 ਐੱਮ. ਐੱਮ. ਪਿਸੌਤਲ ਅਤੇ 12 ਜ਼ਿੰਦਾ ਕਾਰਤੂਸ ਸ਼ਾਮਿਲ ਹਨ | ਪੁਲਿਸ ਟੀਮਾਂ ਨੇ ਕਥਿਤ ਤਸਕਰਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿਚ ਸਨ | ਉਨ੍ਹਾਂ ਦੱਸਿਆ ਕਿ ਨਾਜਾਇਜ਼ ਹਥਿਆਰਾਂ ਦੀ ਖੇਪ ਅਟਾਰੀ ਸੈਕਟਰ ਵਿਚ ਪਿੰਡ ਭੈਣੀ ਅਤੇ ਨੇਸ਼ਟਾ ਖੇਤਰ ਨੇੜੇ ਡਰੋਨ ਰਾਹੀਂ ਭੇਜੀ ਜਾ ਰਹੀ ਸੀ | ਸੀ. ਪੀ. ਸ: ਭੁੱਲਰ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗੁਰਵਿੰਦਰ ਉਰਫ਼ ਗਿੰਦਰ, ਜੋਬਨਬੀਰ ਉਰਫ਼ ਜੋਬਨ ਅਤੇ ਲਵਪ੍ਰੀਤ ਉਰਫ਼ ਲਵ ਨੂੰ 6 ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਛਾਪੇਮਾਰੀ ਦੌਰਾਨ ਉਨ੍ਹਾਂ ਦਾ ਚੌਥਾ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਰਿਹਾ | ਅਗਲੇ ਦਿਨ ਦੀ ਕਾਰਵਾਈ ਦੌਰਾਨ ਉਕਤ ਨਾਬਾਲਗ ਨੂੰ ਇਕ ਪਿਸਤੌਲ ਸਮੇਤ ਗਿ੍ਫ਼ਤਾਰ ਕਰ ਲਿਆ | ਗਿ੍ਫਤਾਰ ਕੀਤੇ ਗਏ ਗੁਰਵਿੰਦਰ ਉਰਫ਼ ਗਿੰਦਰ ਅਤੇ ਲਵਪ੍ਰੀਤ ਉਰਫ਼ ਲਵ ਵਿਰੁੱਧ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜੇ.ਐੱਸ. ਸੰਧੂ , ਏ.ਸੀ.ਪੀ. ਹਰਮਿੰਦਰ ਸਿੰਘ ਸੰਧੂ, ਇੰਸ: ਅਮਨਦੀਪ ਸਿੰਘ ਆਦਿ ਹਾਜ਼ਰ ਸਨ |