ਮੰਡੀ ਘੁਬਾਇਆ (ਫ਼ਾਜ਼ਿਲਕਾ), 9 ਅਪ੍ਰੈਲ (ਅਮਨ ਬਵੇਜਾ)-ਸੂਬੇ ਦੇ ਸਰਕਾਰੀ ਸਕੂਲਾਂ ਵਿਚ ਐੱਮ ਸਟਾਰ-ਈ ਪੰਜਾਬ ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿੱਥੇ ਅਧਿਆਪਕਾਂ ਲਈ ਸਿਰਦਰਦੀ ਦਾ ਕਾਰਨ ਬਣਦੀ ਜਾ ਰਹੀ ਹੈ, ਉਥੇ ਹੀ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਕੀਮਤੀ ਸਮੇਂ ਨੂੰ ਘਟਾ ਰਹੀ ਹੈ | ਇਸ ਸੰਬੰਧੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਸਮੇਂ 'ਤੇ ਈ ਪੰਜਾਬ, ਆਈ. ਐਚ. ਆਰ. ਐਮ. ਐਸ., ਦੀਕਸ਼ਾ, ਪੰਜਾਬ ਐਡੂਕੇਅਰ, ਪਰਸਸ਼ਤ ਐਪ ਆਦਿ ਇੰਸਟਾਲ ਕਰਨ ਦੇ ਹੁਕਮ ਦਿੱਤੇ ਜਾਂਦੇ ਰਹਿੰਦੇ ਹਨ, ਇਨ੍ਹਾਂ ਐਪਾਂ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਗੂਗਲ ਸ਼ੀਟ ਭਰਨ ਦੇ ਹੁਕਮ ਦਿੱਤੇ ਜਾਂਦੇ ਹਨ | ਇਨ੍ਹਾਂ ਐਪਾਂ, ਗੂਗਲ ਸ਼ੀਟਾਂ ਰਾਹੀਂ ਡਾਟਾ ਇਕੱਠੇ ਕਰਨ ਦੀ ਨੀਤੀ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਸਲ ਕੰਮ ਪੜ੍ਹਾਉਣ ਨੂੰ ਛੁਡਾ ਕੇ ਉਨ੍ਹਾਂ ਨੂੰ ਡਾਟਾ ਐਂਟਰੀ ਆਪਰੇਟਰ ਬਣਾ ਦਿੱਤਾ ਹੈ, ਜਿਸ ਦਾ ਨੁਕਸਾਨ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ | ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪਹਿਲਾਂ ਤੋਂ ਚੱਲ ਰਹੇ ਈ ਪੰਜਾਬ ਪੋਰਟਲ ਨੂੰ ਬੰਦ ਕਰਨ ਵੱਲ ਵਧਿਆ ਜਾ ਰਿਹਾ ਹੈ | ਅਧਿਆਪਕਾਂ ਨੇ ਇਸ ਪੋਰਟਲ 'ਤੇ ਕੰਮ ਕਰਨ ਵਿਚ ਮੁਹਾਰਤ ਹਾਸਲ ਕਰ ਲਈ ਸੀ ਪਰ ਨਵੇਂ ਪੋਰਟਲ ਦੇ ਅਤਿ ਗੁੰਝਲਦਾਰ ਹੋਣ ਕਾਰਨ ਸਮੇਂ ਦੀ ਵਧੇਰੇ ਬਰਬਾਦੀ ਹੋ ਰਹੀ ਹੈ | ਇਸ ਮੋਬਾਈਲ ਐਪ ਰਾਹੀਂ ਹਰ ਰੋਜ਼ ਨਿਯਤ ਸਮੇਂ ਵਿਚ ਹਾਜ਼ਰੀ ਲਗਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਲਈ ਵੱਡੀ ਚੁਨੌਤੀ ਬਣ ਗਈ ਹੈ | ਸਾਰੇ ਸੂਬੇ ਅੰਦਰ ਇੱਕੋ ਸਮੇਂ ਐਪ ਚੱਲਣ ਕਾਰਨ ਸਰਵਰ ਰੁਕ ਜਾਂਦਾ ਹੈ ਅਤੇ ਹਾਜ਼ਰੀ ਨਹੀਂ ਲੱਗਦੀ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਡੀ.ਟੀ.ਐਫ. ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ ਅਤੇ ਸੂਬਾਈ ਆਗੂਆਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਅÏਜਲਾ, ਪਵਨ ਕੁਮਾਰ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਵਿਭਾਗ ਕੋਲੋਂ ਮੰਗ ਕੀਤੀ ਕਿ ਵਿਭਾਗ ਨਿੱਤ ਨਵੇਂ ਤਜਰਬੇ ਕਰਨੇ ਬੰਦ ਕਰੇ, ਅੰਕੜਿਆਂ ਦੀ ਪ੍ਰਾਪਤੀ ਲਈ ਹਰ ਸਕੂਲ ਵਿਖੇ ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਦੇਵੇ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਮੁੱਖ ਕੰਮ ਸਿੱਖਿਆ ਦੇਣ ਲਈ ਸਮਾਂ ਦੇਵੇ ਅਤੇ ਐਪਾਂ ਅਤੇ ਗੂਗਲ ਸ਼ੀਟਾਂ ਤੋਂ ਦੂਰ ਰੱਖੇ |